ਚੰਡੀਗੜ੍ਹ  : ਚੰਡੀਗੜ੍ਹ ਏਅਰਪੋਰਟ ਤੋਂ ਦੁਬਈ ਜਾ ਰਹੀ ਫਲਾਈਟ ਦੇ ਐਮਰਜੈਂਸੀ ਗੇਟ 'ਤੇ ਬੈਗ ਰੱਖਣ ਨੂੰ ਲੈ ਕੇ ਇਕ ਔਰਤ ਨੇ ਖ਼ੂਬ ਹੰਗਾਮਾ ਕੀਤਾ ਹੈ। ਇਸ ਦੌਰਾਨ ਫਲਾਈਟ ਦੇ ਕਰੂ ਮੈਂਬਰਾਂ ਨੇ ਵੀ ਉਸ ਨੂੰ ਸਮਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਜਦੋਂ ਔਰਤ ਆਪਣੀ ਜਿੱਦ 'ਤੇ ਅੜੀ ਰਹੀ ਤਾਂ ਕਰੂ ਮੈਂਬਰਾਂ ਨੇ ਸੀ.ਆਈ.ਐੱਸ.ਐੱਫ. ਨੂੰ ਬੁਲਾ ਲਿਆ। ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਔਰਤ ਨੂੰ ਉਸ ਦੇ ਮਾਤਾ-ਪਿਤਾ ਸਮੇਤ ਜਹਾਜ਼ 'ਚੋਂ ਬਾਹਰ ਉਤਾਰ ਦਿੱਤਾ। 

 

ਦਰਅਸਲ 'ਚ ਇੰਡੀਗੋ ਦਾ ਜਹਾਜ਼ ਸ਼ੁੱਕਰਵਾਰ ਸ਼ਾਮ ਨੂੰ 5:40 ਵਜੇ ਚੰਡੀਗੜ੍ਹ ਹਵਾਈ ਅੱਡੇ ਤੋਂ ਦੁਬਈ ਲਈ ਰਵਾਨਾ ਹੋ ਰਿਹਾ ਸੀ। ਇਸ ਜਹਾਜ਼ 'ਚ ਸਫਰ ਕਰ ਰਹੇ ਯਾਤਰੀ ਵਿਸ਼ਾਲ ਨੇ ਦੱਸਿਆ ਕਿ ਇਕ 44 ਸਾਲਾ ਔਰਤ ਆਪਣੇ ਮਾਤਾ-ਪਿਤਾ ਨਾਲ ਸਫਰ ਕਰਨ ਲਈ ਜਹਾਜ਼ 'ਚ ਸਵਾਰ ਹੋਈ ਸੀ। ਔਰਤ ਜਹਾਜ਼ 'ਚ ਚੜ੍ਹ ਗਈ ਅਤੇ ਆਪਣਾ ਇਕ ਬੈਗ ਐਮਰਜੈਂਸੀ ਗੇਟ ਕੋਲ ਰੱਖ ਦਿੱਤਾ।


ਜਦੋਂ ਚਾਲਕ ਦਲ ਦੇ ਮੈਂਬਰਾਂ ਨੇ ਔਰਤ ਨੂੰ ਆਪਣਾ ਬੈਗ ਉੱਪਰ ਕੈਬਨ ਵਿੱਚ ਰੱਖਣ ਲਈ ਕਿਹਾ ਤਾਂ ਔਰਤ ਨੇ ਬੈਗ ਉਤਾਰਨ ਤੋਂ ਇਨਕਾਰ ਕਰ ਦਿੱਤਾ। ਚਾਲਕ ਦਲ ਦੇ ਮੈਂਬਰਾਂ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਨਾ ਮੰਨੀ। ਇੱਕ ਘੰਟੇ ਤੋਂ ਵੱਧ ਸਮੇਂ ਤੱਕ ਬਹਿਸ ਤੋਂ ਬਾਅਦ ਚਾਲਕ ਦਲ ਨੇ ਸੁਰੱਖਿਆ ਕਰਮਚਾਰੀਆਂ ਨੂੰ ਬੁਲਾਇਆ ਅਤੇ ਉਸਨੂੰ ਬਾਹਰ ਕੱਢ ਦਿੱਤਾ।

ਇਸ ਦੌਰਾਨ ਕੁਝ ਯਾਤਰੀਆਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ। ਯਾਤਰੀਆਂ ਨੇ ਕਿਹਾ ਕਿ ਜਹਾਜ਼ ਦੇ ਨਿਯਮਾਂ ਮੁਤਾਬਕ ਇੱਥੇ ਬੈਗ ਰੱਖਣਾ ਠੀਕ ਨਹੀਂ ਹੈ। ਜੇਕਰ ਉਸ ਨੂੰ ਬੈਗ ਰੱਖਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਉਸਦਾ  ਬੈਗ ਵੱਡੇ ਬੌਕਸ ਵਿੱਚ ਰੱਖ ਦਿੰਦੇ ਹਨ ਪਰ ਔਰਤ ਆਪਣੀ ਗੱਲ ’ਤੇ ਅੜੀ ਰਹੀ। ਉਸ ਨੇ ਕਿਹਾ ਕਿ ਬੈਗ ਇਥੇ ਹੀ ਰੱਖਣਾ ਹੈ।


ਦੱਸ ਦੇਈਏ ਕਿ ਚੰਡੀਗੜ੍ਹ ਤੋਂ ਦੁਬਈ ਲਈ ਇਹ ਫਲਾਈਟ ਸ਼ਾਮ 4:30 ਵਜੇ ਉਡਾਣ ਭਰਦੀ ਹੈ।  ਉਕਤ ਔਰਤ ਦੇ ਹੰਗਾਮੇ ਕਾਰਨ ਫਲਾਈਟ ਕਰੀਬ ਤਿੰਨ ਘੰਟੇ ਲੇਟ ਹੋਈ।  ਫਲਾਈਟ ਨੇ ਸ਼ਾਮ 7.40 ਵਜੇ ਦੁਬਈ ਲਈ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਦੌਰਾਨ ਯਾਤਰੀਆਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।