ਪਟਿਆਲਾ: ਮਾਤਾ ਕੌਸ਼ਲਿਆ ਸਰਕਾਰੀ ਹਸਪਤਾਲ ਵਿੱਚੋਂ ਇੱਕ ਔਰਤ ਨੇ ਨਵ-ਜਨਮਿਆ ਬੱਚਾ ਚੋਰੀ ਕਰ ਲਿਆ ਹੈ। ਹਸਪਤਾਲ ਸਟਾਫ ਤੇ ਵਾਰਸਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਔਰਤ ਨੇ ਇੱਕ ਦਿਨ ਦਾ ਲੜਕਾ ਚੋਰੀ ਕਰ ਲਿਆ। ਹਸਪਤਾਲ ਨੇ ਵਾਰਸਾਂ 'ਤੇ ਗੱਲ ਸੁੱਟਦਿਆਂ ਕਿਹਾ ਕਿ ਬੱਚਾ ਸੌਂਪਣ ਸਮੇਂ ਮਾਂ ਨੂੰ ਸਮਝਦਾਰੀ ਵਿਖਾਉਣੀ ਚਾਹੀਦੀ ਸੀ। ਸਮਾਣਾ ਦੀ ਰਹਿਣ ਵਾਲੀ ਸੰਦੀਪ ਕੌਰ ਨੇ ਬੀਤੇ ਕੱਲ੍ਹ ਸਵੇਰੇ ਚਾਰ ਵਜੇ ਪੁੱਤਰ ਨੂੰ ਜਨਮ ਦਿੱਤਾ ਸੀ।
ਅੱਜ ਸਵੇਰੇ ਜਦੋਂ ਇਸ ਔਰਤ ਨੇ ਖ਼ੁਦ ਨੂੰ ਸਟਾਫ ਮੈਂਬਰ ਦੱਸ ਕੇ ਬੱਚਾ ਮੰਗਿਆ ਤਾਂ ਉਨ੍ਹਾਂ ਬੱਚਾ ਉਸ ਨੂੰ ਸੌਂਪ ਦਿੱਤਾ। ਉਹ ਚੁੱਪ ਚਾਪ ਬੱਚਾ ਚੁੱਕ ਕੇ ਬਾਹਰ ਲੈ ਗਈ। ਥੋੜ੍ਹੀ ਦੇਰ ਬਾਅਦ ਜਦੋਂ ਪਰਿਵਾਰ ਨੇ ਡਾਕਟਰਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਬੱਚਾ ਚੋਰੀ ਹੋ ਗਿਆ ਹੈ। ਹਸਪਤਾਲ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਬੱਚੇ ਦੀ ਮਾਂ ਨੂੰ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਸੀ।
ਹਾਲਾਂਕਿ, ਹਸਪਤਾਲ ਵਿੱਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ, ਪਰ ਉਹ ਜੱਚਾ-ਬੱਚਾ ਵਾਰਡ ਦੇ ਸਿਰਫ ਬੂਹੇ 'ਤੇ ਹੀ ਨਜ਼ਰ ਰੱਖਦੇ ਹਨ। ਸੀ.ਸੀ.ਟੀ.ਵੀ. ਫੁਟੇਜ ਵਿੱਚ ਵੀ ਔਰਤਾ ਦਾ ਚਿਹਰਾ ਸਾਫ ਨਹੀਂ ਦਿੱਸ ਰਿਹਾ। ਪੁਲਿਸ ਇਸ ਮਾਮਲੇ ਦੀ ਛਾਣਬੀਣ ਤਾਂ ਕਰ ਰਹੀ ਹੈ ਪਰ ਜਿਸ ਮਾਂ ਦਾ ਇੱਕ ਦਿਨ ਦਾ ਬੱਚਾ ਚੋਰੀ ਹੋ ਗਿਆ ਹੋਵੇ, ਉਸ 'ਤੇ ਜੋ ਬੀਤਦੀ ਹੈ, ਇਹ ਉਹੀ ਜਾਣਦੀ ਹੈ।