ਤਰਨਤਾਰਨ: ਇੱਥੋਂ ਦੇ ਇੱਕ ਗੁਰਦੁਆਰੇ ‘ਚ ਇੱਕ ਔਰਤ ਪਹਿਲੇ ਵਿਆਹ ਤੋਂ ਬਗ਼ੈਰ ਤਲਾਕ ਲਏ ਦੂਜਾ ਵਿਆਹ ਕਰਵਾਉਣ ਜਾ ਰਹੀ ਸੀ, ਪਰ ਹੁਣ ਥਾਣੇ ਪਹੁੰਚ ਗਈ ਹੈ। ਮਹਿਲਾ ਦੇ ਪਹਿਲੇ ਪਤੀ ਨੇ ਪੰਚਾਇਤ ਲਿਆ ਕੇ ਵਿਆਹ ਨੂੰ ਰੁਕਵਾ ਦਿੱਤਾ। ਔਰਤ ਦੇ ਪਹਿਲੇ ਵਿਆਹ ਤੋਂ ਡੇਢ ਸਾਲ ਦਾ ਬੱਚਾ ਵੀ ਹੈ। ਇਸ ਘਟਨਾ ਦੌਰਾਨ ਨਵਾਂ ਲਾੜਾ ਆਪਣੇ ਸਾਥਿਆਂ ਸਣੇ ਮੌਕੇ ਤੋਂ ਰਫੂਚੱਕਰ ਹੋ ਗਿਆ।

ਸਬ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਪਿੰਡ ਜੌਹਲ ਦੇ ਮੰਗਲ ਸਿੰਘ ਨੇ ਸ਼ਿਕਾਇਤ ਕੀਤੀ ਕਿ ਉਸ ਦੀ ਪਤਨੀ ਮਨਪ੍ਰੀਤ ਕੌਰ ਬਗ਼ੈਰ ਤਲਾਕ ਲਏ ਸਥਾਨਕ ਗੁਰਦੁਆਰੇ ਵਿੱਚ ਕਿਸੇ ਹੋਰ ਨਾਲ ਵਿਆਹ ਕਰਵਾ ਰਹੀ ਹੈ। ਮੌਕੇ 'ਤੇ ਪੁਲਿਸ ਪਹੁੰਚੀ ਤਾਂ ਨਵਾਂ ਲਾੜਾ ਬਰਾਤੀਆਂ ਸਮੇਤ ਫਰਾਰ ਹੋ ਗਿਆ। ਪੁਲਿਸ ਨੇ ਮੁਟਿਆਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਇਸ ਦੌਰਾਨ ਮੁਟਿਆਰ ਨੇ ਦੋਸ਼ ਲਾਇਆ ਕਿ ਉਸ ਦਾ ਪਹਿਲਾ ਪਤੀ ਮੰਗਲ ਸਿੰਘ ਨਸ਼ੇ ਨਾਲ ਰੱਜਿਆ ਰਹਿੰਦਾ ਹੈ ਅਤੇ ਉਹ ਉਸ ਨਾਲ ਨਹੀਂ ਰਹਿਣਾ ਚਾਹੁੰਦੀ। ਉਸ ਨੇ ਆਪਣਾ ਡੇਢ ਸਾਲ ਦਾ ਬੱਚਾ ਵੀ ਪਤੀ ਕੋਲ ਹੀ ਛੱਡ ਦਿੱਤਾ ਹੈ। ਦੂਜੇ ਪਾਸੇ ਮੰਗਲ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਸੱਸ ਉਸ ਦਾ ਘਰ ਨਹੀਂ ਵੱਸਣ ਦੇ ਰਹੀ ਅਤੇ ਆਪਣੇ ਜਾਣਕਾਰ ਦੇ ਨਾਲ ਉਸ ਦਾ ਵਿਆਹ ਕਰਵਾ ਰਹੀ ਹੈ।