ਚੰਡੀਗੜ੍ਹ ਏਅਰਪੋਰਟ 'ਤੇ ਕਿੱਲੋ ਸੋਨੇ ਸਮੇਤ ਔਰਤ ਗ੍ਰਿਫ਼ਤਾਰ
ਚੰਡੀਗੜ੍ਹ: ਚੰਡੀਗੜ੍ਹ ਅੰਤਰ-ਰਾਸ਼ਟਰੀ ਹਵਾਈ ਅੱਡੇ 'ਤੇ ਇਕ ਮਹਿਲਾ ਕੋਲੋਂ 36 ਲੱਖ ਰੁਪਏ ਦੀ ਕੀਮਤ ਦਾ ਇਕ ਕਿਲੋ ਤੋਂ ਵੱਧ ਸੋਨਾ ਜ਼ਬਤ ਕੀਤਾ ਗਿਆ। ਦੁਬਈ ਤੋਂ ਆ ਰਹੀ ਇਸ ਮਹਿਲਾ ਨੇ ਇਹ ਸੋਨਾ ਆਪਣੇ ਅਟੈਚੀ 'ਚ ਲੁਕਾਇਆ ਸੀ।
ਦੁਬਈ ਤੋਂ ਇੰਡੀਗੋ ਫਲਾਈਟ6E-57 ਰਾਹੀ ਪਹੁੰਚੀ ਇਸ ਮਹਿਲਾ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਸਨੇ ਗਰੀਨ ਚੇਨ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸਦੇ ਇਕ ਬੈਗ 'ਤੇ ਕਰਾਸ ਦਾ ਨਿਸ਼ਾਨ ਆਇਆ ਤਾਂ ਕਸਟਮ ਅਧਿਕਾਰੀਆਂ ਨੇ ਉਸਤੋਂ ਪੁੱਛਿਆ ਕਿ ਜੇਕਰ ਉਸ ਕੋਲ ਕੁੱਝ ਹੈ ਤਾਂ ਉਹ ਦੱਸ ਸਕਦੀ ਹੈ ਪਰ ਉਸਨੇ ਨਾਂਹ 'ਚ ਜਵਾਬ ਦਿੱਤਾ।
ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਜਦੋਂ ਮਹਿਲਾ ਦਾ ਬੈਗ ਐਕਸਰੇ ਮਸ਼ੀਨ 'ਚ ਸਕੈਨ ਕੀਤਾ ਗਿਆ ਤਾਂ ਉਸ ਸਮੇਂ ਉਸਦੇ ਬੈਗ 'ਚ ਸੋਨਾ ਹੋਣ ਬਾਰੇ ਖੁਲਾਸਾ ਹੋਇਆ। ਬੈਗ 'ਚੋਂ ਲਗਪਗ 1.16 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਜਿਸਦੀ ਕੀਮਤ ਲਗਪਗ 36 ਲੱਖ ਰੁਪਏ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਦੁਬਈ 'ਚ ਪ੍ਰਤੀ ਤੋਲਾ ਸੋਨੇ ਪਿੱਛੇ ਭਾਰਤ ਦੇ ਮੁਕਾਬਲੇ 3500 ਤੋਂ 4000 ਰੁਪਏ ਦਾ ਫਰਕ ਹੈ ਤੇ ਦੁਬਈ ਦਾ ਸੋਨਾ ਭਾਰਤੀ ਬਾਜ਼ਾਰ ਨਾਲੋਂ ਖਰਾ ਮੰਨਿਆ ਜਾਂਦਾ ਹੈ ਏਸੇ ਲਈ ਉੱਥੋਂ ਸੋਨੇ ਦੀ ਸਮੱਗਲਿੰਗ ਕੀਤੀ ਜਾਂਦੀ ਹੈ। ਸਮੱਗਲਰ ਪ੍ਰਤੀ ਕਿਲੋਗ੍ਰਾਮ ਸੋਨੇ ਪਿੱਛੇ 4 ਤੋਂ 5 ਲੱਖ ਰੁਪਏ ਕਮਾਈ ਕਰਦੇ ਹਨ।
ਇਸ ਤੋਂ ਪਹਿਲਾਂ ਇਕ ਜੁਲਾਈ ਨੂੰ ਅੰਮ੍ਸ੍ਰੀਰਿਤਸਰ ਦੇ ਗੁਰੂ ਰਾਮ ਦਾਸ ਹਵਾਈ ਅੱਡੇ ਤੋਂ ਕਸਟਮ ਅਧਿਕਾਰੀਆਂ ਦੋ ਨੌਜਵਾਨਾਂ ਤੋਂ 44 ਲੱਖ ਰੁਪਏ ਦੇ 24 ਕੈਰੇਟ ਦੇ 12 ਬਿਸਕੁਟ ਬਰਾਮਦ ਕੀਤੇ। ਦੋਵੇਂ ਨੌਜਵਾਨ ਦੁਬਈ ਤੋਂ ਆ ਰਹੇ ਸਨ।