ਲਾਵਾਰਸ ਹਾਲਤ 'ਚ ਮਿਲੀ ਬਜ਼ੁਰਗ ਦੀ ਮੌਤ ਮਗਰੋਂ ਔਲਾਦ ਨੂੰ ਮਹਿਲਾ ਕਮਿਸ਼ਨ ਦੀ ਝਾੜ
ਚੇਅਰਪਰਸਨ ਮਨੀਸ਼ਾ ਘੁਲਾਟੀ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਆਈਪੀਸੀ ਦੀ ਧਾਰਾ ਤਹਿਤ ਕਾਰਵਾਈ ਕਰਨ ਲਈ ਕਿਹਾ। ਇਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਐਕਟ ਤਹਿਤ ਤਿੰਨ ਮਹੀਨੇ ਦੀ ਸਜ਼ਾ ਤੇ 5 ਹਜ਼ਾਰ ਰੁਪਏ ਜੁਰਮਾਨਾ ਕਰਨ ਦੀ ਵੀ ਸਿਫਾਰਸ਼ ਕੀਤੀ ਹੈ।
ਰਾਹੁਲ ਕਾਲਾ ਦੀ ਰਿਪੋਰਟ
ਚੰਡੀਗੜ੍ਹ: ਲਾਵਾਰਸ ਹਾਲਤ 'ਚ ਮਿਲੀ ਬਜ਼ੁਰਗ ਮਹਿਲਾ ਦੀ ਮੌਤ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸੇ ਮਸਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੂ ਮੋਟੋ ਨੋਟਿਸ ਲੈਂਦਿਆਂ ਬਜ਼ੁਰਗ ਮਹਿਲਾ ਦੇ ਬੱਚਿਆਂ ਨੂੰ ਤਲਬ ਕੀਤਾ ਗਿਆ ਸੀ। ਪੇਸ਼ੀ ਦੌਰਾਨ ਮਹਿਲਾ ਕਮਿਸ਼ਨ ਵੱਲੋਂ ਬਜ਼ੁਰਗ ਮਹਿਲਾ ਦੇ ਬੱਚਿਆਂ ਨੂੰ ਖਰੀਆਂ-ਖਰੀਆਂ ਸੁਣਾਈਆਂ ਗਈਆਂ।
ਚੇਅਰਪਰਸਨ ਮਨੀਸ਼ਾ ਘੁਲਾਟੀ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਆਈਪੀਸੀ ਦੀ ਧਾਰਾ ਤਹਿਤ ਕਾਰਵਾਈ ਕਰਨ ਲਈ ਕਿਹਾ। ਇਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਐਕਟ ਤਹਿਤ ਤਿੰਨ ਮਹੀਨੇ ਦੀ ਸਜ਼ਾ ਤੇ 5 ਹਜ਼ਾਰ ਰੁਪਏ ਜੁਰਮਾਨਾ ਕਰਨ ਦੀ ਵੀ ਸਿਫਾਰਸ਼ ਕੀਤੀ ਹੈ।
ਮਨੀਸ਼ਾ ਘੁਲਾਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1978 ਵਿੱਚ ਇਸ ਪਰਿਵਾਰ ਨੂੰ ਸਰਕਾਰ ਵੱਲੋਂ 100 ਗਜ਼ ਦਾ ਇੱਕ ਪਲਾਟ ਦਿੱਤਾ ਗਿਆ ਸੀ। ਬਜ਼ੁਰਗ ਮਹਿਲਾ ਦੇ ਪਤੀ ਦੀ 2010 ਵਿੱਚ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਦੋਵੇਂ ਲੜਕੇ ਮਾਤਾ ਨੂੰ ਇਕੱਲੀ ਛੱਡ ਕੇ ਵੱਖ-ਵੱਖ ਸੈਟਲ ਹੋ ਗਏ। ਬਜ਼ੁਰਗ ਔਰਤ ਉਸ ਘਰ ਵਿੱਚ ਇਕੱਲੀ ਰਹਿੰਦੀ ਸੀ।
ਬਜ਼ੁਰਗ ਮਹਿਲਾ ਦੇ ਸਿਰ ਵਿੱਚ ਕੀੜੇ ਪਏ ਹੋਏ ਸਨ। ਇੱਕ ਸਮਾਜ ਸੇਵੀ ਸੰਸਥਾ ਨੇ ਮੂਹਰੇ ਆ ਕੇ ਮਹਿਲਾ ਦੇ ਇਲਾਜ ਲਈ ਹਸਪਤਾਲ ਪਹੁੰਚਾਇਆ, ਪਰ ਉਥੇ ਉਸ ਦੀ ਮੌਤ ਹੋ ਗਈ ਸੀ। ਬਜ਼ੁਰਗ ਮਾਤਾ ਦੇ 2 ਪੁੱਤਰ ਤੇ 2 ਧੀਆਂ ਵਿੱਚੋਂ ਕਿਸੇ ਨੇ ਵੀ ਮਹਿਲਾ ਦੀ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਬਜ਼ੁਰਗ ਦੀ ਇਵੇਂ ਲਾਵਾਰਿਸ ਹਾਲਤ ਵਿੱਚ ਮੌਤ ਹੋ ਜਾਂਦੀ ਹੈ ਤਾਂ ਕਾਨੂੰਨ ਮੁਤਾਬਕ ਪੁੱਤਰ ਦੇ ਨਾਲ-ਨਾਲ ਧੀਆਂ ਤੇ ਪੋਤੇ-ਪੋਤੀਆਂ ਵੀ ਕਸੂਰਵਾਰ ਹਨ।
ਅੱਜ ਦੀ ਪੇਸ਼ੀ ਵਿੱਚ ਦੋ ਪੁੱਤਰ ਤੇ ਦੋ ਧੀਆਂ ਆਈਆਂ ਸਨ ਜੋ ਕਮਿਸ਼ਨ ਅੱਗੇ ਕਾਫ਼ੀ ਸ਼ਰਮਿੰਦਾ ਹੋਏ ਅਤੇ ਆਪਣੀ ਗਲਤੀ ਮੰਨੀ। ਬਜ਼ੁਰਗ ਮਹਿਲਾ ਦੇ ਇੱਕ ਪੁੱਤਰ ਰਾਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਅੱਜ ਤੋਂ ਕਈ ਸਾਲ ਪਹਿਲਾਂ ਉਨ੍ਹਾਂ ਦਾ ਪਰਿਵਾਰ ਦੇ ਨਾਲ ਸੰਪਰਕ ਟੁੱਟ ਗਿਆ ਸੀ।
ਉਨ੍ਹਾਂ ਨੂੰ ਆਪਣੀ ਮਾਂ ਦੇ ਘਰੋਂ ਕੱਢਣ ਤੇ ਲਾਵਾਰਿਸ ਹਾਲਤ ਬਾਰੇ ਪਤਾ ਸੀ ਤੇ ਨਾ ਹੀ ਦੂਜੇ ਭਰਾ ਵੱਲੋਂ ਉਨ੍ਹਾਂ ਨੂੰ ਫੋਨ ਕਰਕੇ ਸੂਚਿਤ ਕੀਤਾ ਗਿਆ। ਦੂਸਰੇ ਪੁੱਤਰ ਨੇ ਦਾਅਵਾ ਕੀਤਾ ਕਿ ਉਸ ਦੀ ਸਿਹਤ ਖਰਾਬ ਰਹਿੰਦੀ ਹੈ। ਇਸ ਲਈ ਮਾਤਾ ਦਾ ਖਿਆਲ ਨਹੀਂ ਸੀ ਰੱਖ ਸਕਦਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ