ਚੰਡੀਗੜ੍ਹ: ਪਿਛਲੇ ਦੋ ਮਹੀਨਿਆਂ ਦੌਰਾਨ ਵੱਡੀ ਗਿਣਤੀ ਵਿੱਚ ਮਾਰੇ ਗਏ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਨਸ਼ੇ ਦੀ ਬਹੁਤਾਤ ਕਾਰਨ ਹੀ ਹੋਈਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ 'ਚਿੱਟੇ' ਦੀ ਓਵਰਡੋਜ਼ ਕਾਰਨ ਹੀ ਹੋਈਆਂ ਹਨ। ਕੁਝ ਸਮਾਂ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਬਿਆਨ ਦਿੱਤਾ ਸੀ ਕਿ ਨਸ਼ੇ ਦੀ ਓਵਰਡੋਜ਼ ਕਾਰਨ ਸਿਰਫ ਦੋ ਮੌਤਾਂ ਹੋਈਆਂ ਹਨ। ਪਰ ਹੁਣ ਫੋਰੈਂਸਿਕ ਰਿਪੋਰਟ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ।

‘ਨਸ਼ੇ ਦੀ ਸ਼ੱਕੀ ਓਵਰਡੋਜ਼’ ਨਾਲ ਮਾਰੇ ਗਏ 45 ਵਿਅਕਤੀਆਂ ਦੀਆਂ ਦੇਹਾਂ 'ਚੋਂ ਲਏ ਗਏ (ਵਿਸਰਾ) ਨਮੂਨਿਆਂ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਮੌਤਾਂ ਮਾਰਫ਼ੀਨ (ਯਾਨੀ ਕਿ ਅਫ਼ੀਮ ਤੋਂ ਤਿਆਰ ਕੀਤੇ ਨਸ਼ੇ ਜਿਵੇਂ ਹੈਰੋਇਨ, ਸਮੈਕ ਆਦਿ) ਦੀ ਓਵਰਡੋਜ਼ ਕਾਰਨ ਹੋਈਆਂ ਹਨ। ਪਹਿਲੀ ਮਈ ਤੋਂ 25 ਜੁਲਾਈ ਦੌਰਾਨ ਸੂਬਾ ਭਰ ਦੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਅਤੇ ਪੁਲੀਸ ਨੇ ਵਿਸਰੇ ਦੇ 45 ਨਮੂਨੇ ਜਾਂਚ ਲਈ ਭੇਜੇ ਸਨ। ਇਨ੍ਹਾਂ ਦੇ ਰਸਾਇਣਕ ਵਿਸ਼ਲੇਸ਼ਣ ਦੌਰਾਨ ਨਸ਼ੇ ਨਾਲ ਸਬੰਧਤ ਸ਼ੱਕੀ ਮੌਤਾਂ ਦੇ ਕਰੀਬ ਸਾਰੇ ਮਾਮਲਿਆਂ ਵਿੱਚ ਨਸ਼ੇ ਦੀ ਓਵਰਡੋਜ਼ ਦੀ ਪੁਸ਼ਟੀ ਹੋਈ ਹੈ।

ਰਿਪੋਰਟਾਂ ਮੁਤਾਬਕ 80 ਫ਼ੀਸਦੀ ਤੋਂ ਵੱਧ ਮਾਮਲਿਆਂ ਵਿੱਚ ਮੌਤ ਦਾ ਕਾਰਨ ਮਾਰਫ਼ੀਨ ਦੀ ਓਵਰਡੋਜ਼ ਯਾਨੀ ਚਿੱਟਾ ਹੀ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਦਰਦ-ਹਟਾਊ ਤੇ ਨਸ਼ਾ-ਛੁਡਾਊ ਦਵਾਈਆਂ ਵੀ ਕਈ ਮੌਤਾਂ ਦਾ ਕਾਰਨ ਬਣੀਆਂ ਹਨ। ਕਰੀਬ 13 ਫ਼ੀਸਦੀ ਮੌਤਾਂ ਦਾ ਕਾਰਨ ਨਸ਼ਾ ਛੱਡਣ ਲਈ ਦਿੱਤੀ ਜਾਂਦੀ ਦਵਾਈ ਬੈਂਜ਼ੋਡਾਇਆਜ਼ੀਪਾਈਨ ਤੇ ਪੰਜ ਫ਼ੀਸਦੀ ਮੌਤਾਂ ਅਫ਼ੀਮ ਆਧਾਰਤ ਦਰਦ ਹਟਾਊ ਦਵਾਈ ਟ੍ਰੈਮਾਡੋਲ ਕਾਰਨ ਹੋਣ ਹੋਣ ਦੀ ਗੱਲ ਸਾਹਮਣੇ ਆਈ ਹੈ।

‘ਟ੍ਰਿਬਿਊਨ’ ਦੀ ਰਿਪੋਰਟ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤਾਂ ਦੀ ਗਿਣਤੀ ਵਿੱਚ ਮਈ ਤੋਂ ਬਾਅਦ ਯਕਦਮ ਵਾਧਾ ਹੋਇਆ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਓਵਰਡੋਜ਼ ਕਾਰਨ ਛੇ ਮੌਤਾਂ ਹੋਈਆਂ, ਜਦਕਿ ਮਈ ਵਿੱਚ ਗਿਣਤੀ ਵਧ ਕੇ 13 ਤੇ ਜੂਨ ਵਿੱਚ 17 ਹੋ ਗਈ। ਜੁਲਾਈ ਵਿੱਚ ਹਰ ਰੋਜ਼ ਲਗਪਗ ਇੱਕ ਮੌਤ ਹੋ ਰਹੀ ਹੈ।

ਇਸ ਕਾਰਨ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਅਜਿਹਾ ਮਿਲਾਵਟੀ ਨਸ਼ੇ ਕਾਰਨ ਹੋ ਸਕਦਾ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਨੂੰ ਲਗਾਤਾਰ ਘਟਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਹਤ ਤੇ ਪਰਿਵਾਰ ਭਲਾਈ ਪਵਿਭਾਗ ਵੱਲੋਂ ਤਾਂ ਇਸ ਸਬੰਧੀ ਅੰਕੜੇ ਵੀ ਨਹੀਂ ਸਾਂਭੇ ਜਾ ਰਹੇ।