ਪੜਚੋਲ ਕਰੋ
Advertisement
'ਬਾਗੀ' ਥਾਣੇਦਾਰ ਨੇ ਖੋਲ੍ਹੀਆਂ ਪੁਲਿਸ ਤੇ ਲੀਡਰਾਂ ਦੀਆਂ 'ਪੋਲਾਂ'
ਇਮਰਾਨ ਖ਼ਾਨ
ਜਲੰਧਰ: ਸ਼ਾਹਕੋਟ ਜ਼ਿਮਨੀ ਚੋਣ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਵੱਡਾ ਤੂਫ਼ਾਨ ਆਇਆ ਹੈ। ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਕਿ ਇੱਕ ਥਾਣੇਦਾਰ ਕਰਕੇ ਮੁੱਖ ਮੰਤਰੀ ਨੂੰ ਸਫਾਈ ਦੇਣੀ ਪਈ ਹੋਵੇ। ਪਹਿਲਾਂ ਸਾਰੇ ਸੱਤਾਧਾਰੀ ਲੀਡਰ 'ਤੇ 'ਪੰਜਾ' ਮਾਰਨ ਕਰਕੇ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੂੰ 'ਸਿੰਘਮ' ਕਹਿ ਰਹੇ ਸਨ ਤੇ ਬਾਅਦ ਵਿੱਚ ਉਸ ਵਿਰੁੱਧ ਇਲਜ਼ਾਮਾਂ ਦੀ ਝੜੀ ਲਾ ਦਿੱਤੀ ਗਈ। ਮਹਿਤਪੁਰ ਦੇ ਥਾਣਾ ਮੁਖੀ ਪੀਐਸ ਬਾਜਵਾ ਨਾਲ 'ਏਬੀਪੀ ਸਾਂਝਾ' ਦੇ ਪੱਤਰਕਾਰ ਇਮਰਾਨ ਖ਼ਾਨ ਨੇ ਖਾਸ ਗੱਲਬਾਤ ਕੀਤੀ ਤੇ ਇਸ ਪੂਰੇ ਮਾਮਲੇ 'ਤੇ ਉਨ੍ਹਾਂ ਦਾ ਪੱਖ ਜਾਣਨਾ ਚਾਹਿਆ। ਪੁਲਿਸ ਵਿਭਾਗ ਦੇ ਆਪਣੇ ਸੀਨੀਅਰਾਂ ਤੇ ਸਿਆਸਤਦਾਨਾਂ ਬਾਰੇ ਇਸ ਥਾਣੇਦਾਰ ਦੇ ਖੁਲਾਸੇ ਕਾਫੀ ਹੈਰਾਨ ਕਰਨ ਵਾਲੇ ਹਨ।
ਕਿਵੇਂ ਰੌਸ਼ਨੀ 'ਚ ਆਇਆ ਇੰਸਪੈਕਟਰ ਬਾਜਵਾ-
ਸ਼ਾਹਕੋਟ ਜ਼ਿਮਨੀ ਚੋਣ ਦੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁੱਧ ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ਮਿਲਣ 'ਤੇ ਐਫਆਈਆਰ ਦਰਜ ਕਰਨ ਤੋਂ ਬਾਅਦ ਸੁਰਖੀਆਂ ਵਿੱਚ ਆਏ ਇੰਸਪੈਕਟਰ ਪੀਐਸ ਬਾਜਵਾ ਨੇ ਕਿਹਾ ਕਿ ਉਨ੍ਹਾਂ ਪੰਜਾਬ ਪੁਲਿਸ ਦੇ ਨਿਯਮਾਂ ਮੁਤਾਬਕ ਪਰਚਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਐਫਆਈਆਰ ਵਿੱਚ ਇਹ ਲਿਖਿਆ ਹੈ ਕਿ ਜੇਕਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੋਸ਼ੀ ਹੋਣਗੇ ਤਾਂ ਚਾਲਾਨ ਪੇਸ਼ ਕੀਤਾ ਜਾਵੇਗਾ ਨਹੀਂ ਤਾਂ ਐਫਆਈਆਰ ਕੈਂਸਲ ਹੋ ਜਾਵੇਗੀ।
ਕੈਪਟਨ ਵੱਲੋਂ ਥਾਣੇਦਾਰ 'ਤੇ ਲਾਏ ਇਲਜ਼ਾਮ-
ਸੋਮਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਪ੍ਰੈੱਸ ਕਾਨਫਰੰਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮਹਿਤਪੁਰ ਦੇ ਐਸਐਚਓ ਨੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਦੀ ਮਿਲੀਭੁਗਤ ਨਾਲ ਲਾਡੀ ਵਿਰੁੱਧ ਕੇਸ ਦਰਜ ਕੀਤਾ ਹੈ, ਜਦਕਿ ਉਹ ਨਿਰਦੋਸ਼ ਹੈ। ਇਸ 'ਤੇ ਇੰਸਪੈਕਟਰ ਨੇ ਕਿਹਾ ਕਿ ਉਸ ਦੀ ਕਾਲ ਡਿਟੇਲ ਕਢਵਾਈ ਜਾਵੇ ਤਾਂ ਪਤਾ ਲੱਗੇ ਕਿ ਈਮੇਲ ਮਿਲਣ ਤੋਂ ਬਾਅਦ ਉਸ ਨੇ ਕਿਹੜੇ-ਕਿਹੜੇ ਅਫਸਰਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਐਫਆਈਆਰ ਦਰਜ ਕਰਨ ਤੋਂ ਬਾਅਦ ਸੁਖਪਾਲ ਖਹਿਰਾ ਨਾਲ ਗੱਲ ਕੀਤੀ ਤੇ ਉਸ ਤੋਂ ਬਾਅਦ ਦਲਜੀਤ ਚੀਮਾ ਨਾਲ ਗੱਲ ਕੀਤੀ।
ਬਾਜਵਾ ਨੇ ਕਿਹਾ ਕਿ ਖਹਿਰਾ ਵਿਰੋਧੀ ਧਿਰ ਦਾ ਆਗੂ ਹੈ ਤੇ ਉਸ ਨੂੰ ਇਨ੍ਹਾਂ ਲੀਡਰਾਂ ਤੋਂ ਇਨਸਾਫ ਦੀ ਆਸ ਹੈ। ਉਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਪਰਚਾ ਦਰਜ ਹੋਣ ਤੋਂ ਬਾਅਦ ਲਾਡੀ ਸ਼ੇਰੋਵਾਲੀਆ ਨੇ ਫੋਨ ਕਰਕੇ ਧਮਕੀ ਵੀ ਦਿੱਤੀ ਹੈ।
ਸਿਆਸੀ ਲੀਡਰਾਂ 'ਤੇ ਬਾਜਵਾ ਦੇ ਇਲਜ਼ਾਮ-
ਇੰਸਪੈਕਟਰ ਬਾਜਵਾ ਨੇ ਕਿਹਾ ਕਿ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉਸ ਦਾ ਦੂਰ ਦਾ ਰਿਸ਼ਤੇਦਾਰ ਹੈ ਤੇ ਰਾਣਾ ਗੁਰਜੀਤ ਸਿੰਘ ਉਸ ਦੇ ਪਿਓ ਵਾਂਗ ਹੈ। ਪੁਲਿਸ ਅਧਿਕਾਰੀ ਨੇ ਪੱਤਰਕਾਰ ਨੂੰ ਦੱਸਿਆ ਕਿ ਕੁਸ਼ਲਦੀਪ ਢਿੱਲੋਂ, ਰਾਣਾ ਗੁਰਜੀਤ ਬਾਰੇ ਸਭ ਨੂੰ ਪਤਾ ਹੀ ਹੈ, ਮਾਈਨਿੰਗ 'ਤੇ ਕੀ ਕੁਝ ਹੋ ਰਿਹਾ ਹੈ।
ਇੰਸਪੈਕਟਰ ਬਾਜਵਾ ਨੇ ਕਿਹਾ ਕਿ ਜਿਨ੍ਹਾਂ ਤੋਂ ਅਜੀਤ ਸਿੰਘ ਕੋਹਾੜ ਮਹੀਨਾ ਲੈਂਦਾ ਸੀ, ਉਨ੍ਹਾਂ ਤੋਂ ਲਾਡੀ ਸ਼ੇਰੋਵਾਲੀਆ ਮਹੀਨਾ ਲੈਣ ਲੱਗ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸੀ ਕਹਿੰਦੇ ਹਨ 10 ਸਾਲ ਭੁੱਖੇ ਰਹੇ, ਨਵਤੇਜ ਚੀਮਾ, ਰਾਣਾ ਗੁਰਜੀਤ ਕਹਿੰਦਾ ਮੈਂ ਭੁੱਖਾ ਰਿਹਾ। ਇੰਸਪੈਕਟਰ ਨੇ ਇਹ ਵੀ ਕਿਹਾ ਕਿ ਫਿਲੌਰ ਤੋਂ ਜੋ ਉਮੀਦਵਾਰ ਹਾਰਿਆ, ਬਿਕਰਮ ਚੌਧਰੀ, ਉਹ ਵੀ ਮਾਈਨਿੰਗ ਕਰਵਾ ਰਿਹਾ।
ਥਾਣੇਦਾਰ ਨੇ ਮੁੱਖ ਮੰਤਰੀ ਨੂੰ ਵੀ ਨਹੀਂ ਬਖ਼ਸ਼ਿਆ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਅਰੂਸਾ ਨੂੰ ਨਾਲ ਲੈ ਕੇ ਘੁੰਮੀ ਜਾ ਰਹੇ ਹਨ ਜਦਕਿ ਉਹ ਬੁੱਢਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਰਾਣਾ ਗੁਰਜੀਤ ਦੀ ਗੱਡੀ ਵਿੱਚ ਦੋ ਬੰਦੇ ਬੈਠੇ ਹੁੰਦੇ ਹਨ ਜਿਨ੍ਹਾਂ ਦੇ ਕਹਿਣ 'ਤੇ ਹੀ ਕਪੂਰਥਲਾ ਵਿੱਚ ਥਾਣੇਦਾਰ ਲੱਗਦੇ ਹਨ।
ਆਪਣੇ ਸੀਨੀਅਰ ਅਧਿਕਾਰੀਆਂ 'ਤੇ ਇੰਸਪੈਕਟਰ ਦੇ ਵਾਰ-
ਮਹਿਤਪੁਰ ਦੇ ਥਾਣਾ ਮੁਖੀ ਪੀਐਸ ਬਾਜਵਾ ਦਾ ਕਹਿਣਾ ਹੈ ਕਿ ਉਨ੍ਹਾਂ ਗੈਂਗਸਟਰਾਂ ਬਾਰੇ ਰਿਪੋਰਟ ਐਸਐਸਪੀ ਸਾਹਿਬ ਨੂੰ ਦਿੱਤੀ ਸੀ। ਉਨ੍ਹਾਂ ਨੂੰ ਪੁੱਛਿਆ ਜਾਵੇ ਉਨ੍ਹਾਂ ਨੇ ਕੀ ਕੀਤਾ ਉਸ 'ਤੇ। ਬਾਜਵਾ ਨੇ ਚੰਡੀਗੜ੍ਹ ਵਿੱਚ ਗੈਂਗਸਟਰ ਦਿਲਪ੍ਰੀਤ ਗਿੱਲ ਤੇ ਹਰਿੰਦਰ ਰਾਣਾ ਨੂੰ ਵੇਖਿਆ ਤਾਂ ਚੰਡੀਗੜ੍ਹ ਪੁਲਿਸ ਸਮੇਤ ਸੀਆਈਏ ਵਿਭਾਗ ਨੂੰ ਸੂਚਨਾ ਦਿੱਤੀ ਪਰ ਉਨ੍ਹਾਂ ਦੀ ਅਣਗਹਿਲੀ ਕਰਕੇ ਉਕਤ ਬਦਮਾਸ਼ ਫਰਾਰ ਹੋ ਗਏ।
ਬਾਜਵਾ ਨੇ ਕਿਹਾ ਕਿ ਲਾਡੀ ਸ਼ੇਰੋਵਾਲੀਆ 'ਤੇ ਐਫਆਈਆਰ ਤੋਂ ਬਾਅਦ ਉਸ ਦਾ ਬੌਸ (ਐਸਐਸਪੀ ਜਲੰਧਰ ਦਿਹਾਤੀ) ਘਬਰਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰਾ ਰਿਜ਼ਾਇਨ ਲੈ ਲਓ, ਜੋ ਪ੍ਰਵਾਨ ਨਹੀਂ ਕੀਤਾ ਗਿਆ। ਇੰਸਪੈਕਟਰ ਮੁਤਾਬਕ ਉਸ ਨੂੰ ਇਹ ਲਿਖ ਕੇ ਦੇਣ ਲਈ ਕਿਹਾ ਗਿਆ ਕਿ ਉਹ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਬੌਸ ਨੇ ਉਸ ਦੀ ਹਰਕਤ ਨੂੰ ਆਪਣੀ ਪ੍ਰੋਮੋਸ਼ਨ ਵਿੱਚ ਰੁਕਾਵਟ ਦੱਸਿਆ।
ਆਪਣੇ ਵਿਭਾਗ ਤੋਂ ਦੁਖੀ ਇੰਸਪੈਕਟਰ ਬਾਜਵਾ-
ਥਾਣੇਦਾਰ ਪਰਮਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਅਫਸਰ ਉਸ ਨੂੰ ਧਮਕੀ ਦੇ ਰਹੇ ਨੇ ਕਿ ਤੈਨੂੰ ਡਿਸਮਿਸ ਕਰ ਦੇਣਾ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਪੁਲਿਸ 'ਤੇ ਭਰੋਸਾ ਨਹੀਂ। ਉਨ੍ਹਾਂ ਆਪਣੇ ਹੋਟਲ ਵਿੱਚ ਰੁਕਣ ਦਾ ਕਾਰਨ ਦੱਸਦਿਆਂ ਕਿਹਾ ਕਿ ਇੱਥੇ ਹਰ ਥਾਂ ਕੈਮਰੇ ਲੱਗੇ ਹਨ, ਜੇਕਰ ਕਿਸੇ ਨੇ ਬਾਹਰ ਉਸ 'ਤੇ ਚਿੱਟਾ ਪਾ ਦਿੱਤਾ, ਜਾਂ ਮਾਰ ਦਿੱਤਾ ਤਾਂ ਉਹ ਕੀ ਕਰੇਗਾ।
ਬਾਜਵਾ ਨੇ ਕਿਹਾ ਕਿ ਜੇਕਰ ਉਸ ਨੂੰ ਮੁੜ ਮਹਿਤਪੁਰ ਥਾਣੇ ਵਿੱਚ ਲਾਇਆ ਗਿਆ ਤਾਂ ਲਾਡੀ ਸ਼ੇਰੋਵਾਲੀਆ ਨੂੰ ਫੜ ਕੇ ਹਵਾਲਾਤ ਵਿੱਚ ਬੰਦ ਕਰੇਗਾ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਭ ਦੇ ਲੀਡਰ ਬਣਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਹੋਰ ਪੁਲਿਸ ਅਧਿਕਾਰੀ ਤੋਂ ਇਸ ਕੇਸ ਨੂੰ ਰੱਦ ਕਰਵਾ ਦਿੱਤਾ ਜਾਂਦਾ ਹੈ ਤਾਂ ਉਹ ਹਾਈਕੋਰਟ ਵੀ ਜਾ ਸਕਦੇ ਹਨ।
ਇੰਸਪੈਕਟਰ ਪਰਮਿੰਦਰ ਸਿੰਘ ਦੇ ਇੰਨੇ ਖੁਲਾਸਿਆਂ ਤੋਂ ਬਾਅਦ ਉਨ੍ਹਾਂ ਦਾ ਕੀ ਅੰਜਾਮ ਹੁੰਦਾ ਹੈ, ਇਹ ਤਾਂ ਸ਼ਾਹਕੋਟ ਜ਼ਿਮਨੀ ਚੋਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਉਨ੍ਹਾਂ ਦੇ ਇਲਜ਼ਾਮਾਂ ਨੇ ਸਿਆਸਤਦਾਨਾਂ ਦੇ ਨਾਲ ਨਾਲ ਪੁਲਿਸ ਅਧਿਕਾਰੀਆਂ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement