ਮੈਕਸੀਕੋ ਸਿਟੀ: ਮੈਕਸੀਕੋ ਸਿਟੀ ਦੇ ਬਾਹਰੀ ਹਿੱਸੇ 'ਤੇ ਇੱਕ ਸ਼ੱਕੀ ਕਾਤਲ ਦੇ ਘਰ ਦੀ ਖੁਦਾਈ ਕਰਨ ਵਾਲੇ ਜਾਂਚਕਰਤਾਵਾਂ ਨੂੰ ਹੁਣ ਤੱਕ ਹੱਡੀਆਂ ਦੇ 3,787 ਟੁਕੜੇ ਮਿਲੇ ਹਨ। ਇਹ ਹੱਡੀਆਂ 17 ਵੱਖ-ਵੱਖ ਲੋਕਾਂ ਦੀਆਂ ਲੱਗ ਰਹੀਆਂ ਹਨ। ਮੈਕਸੀਕੋ ਦੇ ਵਕੀਲ ਕਹਿੰਦੇ ਹਨ ਕਿ ਖੁਦਾਈ ਇਥੇ ਖ਼ਤਮ ਨਹੀਂ ਹੋਵੇਗੀ। ਖੁਦਾਈ ਦਾ ਕੰਮ 17 ਮਈ ਤੋਂ ਚੱਲ ਰਿਹਾ ਹੈ ਤੇ ਜਾਂਚਕਰਤਾਵਾਂ ਨੇ ਉਸ ਮਕਾਨ ਦੀ ਫਰਸ਼ ਦੀ ਖੁਦਾਈ ਕੀਤੀ ਹੈ ਜਿਥੇ ਇਹ ਸ਼ੱਕੀ ਵਿਅਕਤੀ ਰਹਿੰਦਾ ਸੀ।
ਹੁਣ ਉਨ੍ਹਾਂ ਦੀ ਯੋਜਨਾ ਇਸ ਦਾਇਰੇ ਨੂੰ ਹੋਰ ਵਧਾਉਣ ਦੀ ਹੈ। ਕਈ ਸਾਲ ਪਹਿਲਾਂ ਲਾਪਤਾ ਹੋਏ ਲੋਕਾਂ ਦੇ ਸ਼ਨਾਖਤੀ ਕਾਰਡ ਤੇ ਹੋਰ ਚੀਜ਼ਾਂ ਇਸ ਕਬਾੜ ਨਾਲ ਭਰੇ ਘਰ ਵਿੱਚੋਂ ਮਿਲੀਆਂ ਹਨ। ਇਹ ਸਬੂਤ ਇਸ ਤੱਥ ਵੱਲ ਇਸ਼ਾਰਾ ਕਰਦੇ ਹਨ ਕਿ ਕਤਲ ਦੀਆਂ ਤਾਰਾਂ ਕਈ ਸਾਲ ਪਹਿਲਾਂ ਦੀਆਂ ਹਨ।
ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਸਰਕਾਰੀ ਵਕੀਲ ਦੇ ਦਫ਼ਤਰ ਨੇ ਕਿਹਾ, “ਹੱਡੀਆਂ ਦੇ ਟੁਕੜਿਆਂ ਦਾ ਨੇੜਿਓਂ ਅਧਿਐਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਰੇਕ ਨੂੰ ਬੜੀ ਸਾਵਧਾਨੀ ਨਾਲ ਸਾਫ਼ ਕਰਨਾ, ਇਹ ਪਛਾਣਨਾ ਸ਼ਾਮਲ ਹੈ ਕਿ ਉਹ ਸਰੀਰ ਦੇ ਕਿਸ ਹਿੱਸੇ ਨਾਲ ਸਬੰਧਤ ਹੈ, ਆਦਿ ਹੈ। ਇਸਦੇ ਜ਼ਰੀਏ ਇਹ ਪਤਾ ਲਾਇਆ ਜਾਵੇਗਾ ਕਿ ਇਹ ਹੱਡੀਆਂ ਕਿੰਨੇ ਲੋਕਾਂ ਦੀਆਂ ਹਨ। ਬਿਆਨ ਦੇ ਅਨੁਸਾਰ, ਹੁਣ ਤੱਕ ਪਾਈਆਂ ਗਈਆਂ ਹੱਡੀਆਂ ਦੇ ਟੁਕੜੇ 17 ਲੋਕਾਂ ਨਾਲ ਸਬੰਧਤ ਜਾਪਦੇ ਹਨ।"
ਅਧਿਕਾਰੀਆਂ ਨੇ ਸ਼ੱਕੀ ਦੀ ਪਛਾਣ ਜ਼ਾਹਰ ਨਾ ਕਰਨ ਦੇ ਦੇਸ਼ ਦੇ ਕਾਨੂੰਨ ਕਾਰਨ 72 ਸਾਲਾ ਸ਼ੱਕੀ ਦੇ ਨਾਮ ਨੂੰ ਜਨਤਕ ਨਹੀਂ ਕੀਤਾ ਹੈ। ਇਹ ਆਦਮੀ 34 ਸਾਲਾ ਔਰਤ ਦੀ ਹੱਤਿਆ ਦੇ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਇਹ ਆਦਮੀ ਉਸ ਸਮੇਂ ਫੜਿਆ ਗਿਆ ਜਦੋਂ ਇੱਕ ਪੁਲਿਸ ਕਮਾਂਡਰ ਨੇ ਆਪਣੀ ਪਤਨੀ ਦੇ ਗੁੰਮ ਹੋਣ 'ਤੇ ਉਸ 'ਤੇ ਸ਼ੱਕ ਜਤਾਇਆ।
ਉਹ ਆਦਮੀ ਪੁਲਿਸ ਕਮਾਂਡਰ ਦੀ ਪਤਨੀ ਨੂੰ ਵਿਅਕਤੀਗਤ ਤੌਰ 'ਤੇ ਜਾਣਦਾ ਸੀ ਤੇ ਉਸ ਨੇ ਕਮਾਂਡਰ ਦੀ ਪਤਨੀ ਨੂੰ ਖਰੀਦਦਾਰੀ ਲਈ ਲੈ ਜਾਣਾ ਸੀ, ਉਹ ਔਰਤ ਉਸ ਦਿਨ ਘਰ ਵਾਪਸ ਨਹੀਂ ਪਰਤੀ, ਜਿਸ ਤੋਂ ਬਾਅਦ ਪੁਲਿਸ ਕਮਾਂਡਰ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਵਿੱਚ ਉਸ ਆਦਮੀ ਦਾ ਹੱਥ ਹੋਣ ਦਾ ਦੋਸ਼ ਲਗਾਇਆ।
ਜਾਂਚ ਵਿੱਚ ਇਹ ਵੀ ਪਾਇਆ ਗਿਆ ਕਿ ਸੀਸੀਟੀਵੀ ਕੈਮਰੇ ਵਿਚ ਔਰਤ ਇਸ ਵਿਅਕਤੀ ਦੇ ਘਰ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਪਰ ਉਹ ਵਾਪਸ ਆਉਂਦੀ ਨਹੀਂ ਦਿਖਾਈ ਦੇ ਰਹੀ ਹੈ। ਬਾਅਦ ਵਿੱਚ ਸ਼ੱਕੀ ਦੇ ਘਰੋਂ ਔਰਤ ਦਾ ਸਾਮਾਨ ਬਰਾਮਦ ਕੀਤਾ ਗਿਆ।