ਨਾਂ: ਸੰਤੋਖ ਚੌਧਰੀ
ਪਾਰਟੀ: ਕਾਂਗਰਸ
ਪਾਰਲੀਮਾਨੀ ਸਟੇਟਸ: 16ਵੀਂ ਲੋਕ ਸਭਾ ਦੇ ਮੈਂਬਰ
ਸਿਆਸੀ ਪਿਛੋਕੜ:
ਸੰਤੋਖ ਚੌਧਰੀ ਦਾ ਸਿਆਸਤ ਨਾਲ ਲੰਮੇ ਸਮੇਂ ਤੋਂ ਵਾਸਤਾ ਹੈ। ਸਾਲ 1978 ਤੋਂ 1982 ਤਕ ਉਹ ਪੰਜਾਬ ਨੌਜਵਾਨ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਰਹੇ। ਇਸ ਮਗਰੋਂ 1987 ਤੋਂ 1995 ਤਕ ਜਲੰਧਰ ਦਿਹਾਤੀ ਦੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ। 1992 ਤੋਂ 1997 ਤੇ ਫਿਰ 2002 ਤੋਂ 2007 ਤਕ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ। 1992 ਤੋਂ 1995 ਦੌਰਾਨ ਪੰਜਾਬ ਸਰਕਾਰ 'ਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਫੂਡ ਤੇ ਸਿਵਿਲ ਸਪਲਾਈ ਮੰਤਰਾਲਾ ਸਾਂਭਿਆ। 1997 ਤੋਂ 1998 ਤਕ ਚੌਧਰੀ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਹੇ। ਸਾਲ 2002 'ਚ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰਾਲਾ, ਮੈਡੀਕਲ ਐਜੂਕੇਸ਼ਨ ਤੇ ਰਿਸਰਚ ਡਿਪਾਰਟਮੈਂਟ 'ਚ ਮੰਤਰੀ ਰਹੇ। ਸਾਲ 2004 ਤੋਂ 2010 ਤਕ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਰਹੇ। ਇਸ ਮਗਰੋਂ 2014 'ਚ ਜਲੰਧਰ ਤੋਂ 16ਵੀਂ ਲੋਕ ਸਭਾ ਦੇ ਮੈਂਬਰ ਚੁਣੇ ਗਏ।
ਨਿੱਜੀ ਜਾਣਕਾਰੀ:
ਸੰਤੋਖ ਚੌਧਰੀ ਦਾ ਜਨਮ 18 ਜੂਨ, 1946 ਨੂੰ ਜਲੰਧਰ ਵਿੱਚ ਹੋਇਆ। ਉਨ੍ਹਾਂ ਬੀਏ ਤੇ ਐਲਐਲਬੀ ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਸੰਤੋਖ ਚੌਧਰੀ ਪੇਸ਼ੇ ਵਜੋਂ ਵਕੀਲ ਤੇ ਕਾਰੋਬਾਰੀ ਹਨ। ਉਨ੍ਹਾਂ ਦਾ ਪੁੱਤਰ ਵੀ ਸਿਆਸਤ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਹਾਲੇ ਤਕ ਸਫਲ ਤਕ ਨਹੀਂ ਹੋਇਆ।
ਹਲਕਾ:
ਸੰਤੋਖ ਚੌਧਰੀ ਨੇ 2014 ਦੀਆਂ ਲੋਕ ਸਭਾ ਚੋਣਾਂ 'ਚ ਜਲੰਧਰ ਤੋਂ ਆਪਣੀ ਜਿੱਤ ਦਾ ਪਰਚਮ ਲਹਿਰਾਇਆ। ਉਨ੍ਹਾਂ ਨੂੰ 3,80,479 ਵੋਟਾਂ ਹਾਸਲ ਹੋਈਆਂ ਤੇ ਇਨ੍ਹਾਂ ਚੋਣਾਂ ਵਿੱਚ 3,09,498 ਵੋਟਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ ਦੂਜੇ ਸਥਾਨ 'ਤੇ ਰਹੇ ਜਦਕਿ 'ਆਪ' ਦੀ ਜਿਓਤੀ ਮਾਨ 2,54,121 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ। ਜਲੰਧਰ ਸੀਟ ਦੇ ਤਕਰੀਬਨ 16 ਕੁ ਲੱਖ ਵੋਟਰ ਹਨ। ਇਸ ਹਲਕੇ ਨੂੰ ਕਾਂਗਰਸ ਦੀ ਰਿਵਾਇਤੀ ਸੀਟ ਮੰਨਿਆ ਜਾਂਦਾ ਹੈ। ਦਰਅਸਲ, 1952 ਤੋਂ 2014 ਤਕ 17 ਵਾਰ ਹੋਈਆਂ ਆਮ ਚੋਣਾਂ 'ਚੋਂ ਕਾਂਗਰਸ ਨੂੰ ਸਿਰਫ਼ ਚਾਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।
ਸੰਸਦੀ ਕਾਰਗੁਜ਼ਾਰੀ:
ਲੋਕ ਸਭਾ ਵੈੱਬਸਾਈਟ ਮੁਤਾਬਕ ਪਿਛਲੇ ਪੰਜ ਸਾਲਾਂ ‘ਚ ਸੰਤੋਖ ਚੌਧਰੀ ਦੀ ਸਦਨ ਵਿੱਚ ਹਾਜ਼ਰੀ 88% ਰਹੀ। ਸਾਲ 2014 ਵਿੱਚ ਸੰਸਦ ਮੈਂਬਰ ਬਣਨ ਮਗਰੋਂ ਉਨ੍ਹਾਂ ਕੁੱਲ 77 ਸਵਾਲ ਪੁੱਛੇ। ਉਹ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਦੀ ਭਲਾਈ, ਸਮਾਜਕ ਨਿਆਂ ਤੇ ਸਸ਼ਕਤੀਕਰਨ, ਸ਼ਹਿਰੀ ਵਿਕਾਸ ਸਮੇਤ ਤਿੰਨ ਸੰਸਦੀ ਕਮੇਟੀਆਂ ਦੇ ਮੈਂਬਰ ਵੀ ਰਹੇ।
MPLAD ਫੰਡ:
ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਹਲਕੇ ਦਾ ਵਿਕਾਸ ਕਰਨ ਲਈ ਸਾਲਾਨਾ ਪੰਜ ਕਰੋੜ (ਪੂਰੇ ਕਾਰਜਕਾਲ 'ਚ 25 ਕਰੋੜ) ਰੁਪਏ ਮਿਲਦੇ ਹਨ। ਉਨ੍ਹਾਂ ਆਪਣੇ ਹਲਕੇ ਦੇ ਵਿਕਾਸ ਲਈ 22.60 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਖਾਤੇ ਵਿੱਚ 23.30 ਕਰੋੜ ਰੁਪਏ ਆਏ। ਸੰਤੋਖ ਚੌਧਰੀ ਨੇ ਇਸ ਵਿੱਚੋਂ 20.98 ਕਰੋੜ ਰੁਪਏ ਆਪਣੇ ਹਲਕੇ ਦੇ ਵਿਕਾਸ 'ਤੇ ਖਰਚੇ ਹਨ, ਜਦਕਿ 2.32 ਕਰੋੜ ਰੁਪਏ ਬਚ ਗਏ ਹਨ। ਉਨ੍ਹਾਂ ਆਪਣੇ ਫੰਡਾਂ ਦਾ 91.26% ਹਿੱਸਾ ਖਰਚ ਦਿੱਤਾ ਹੈ, ਸੋ ਇਸ ਕਸੌਟੀ 'ਤੇ ਉਹ ਪਾਸ ਹਨ। ਸਭ ਤੋਂ ਵੱਧ ਫੰਡ ਉਨ੍ਹਾਂ ਨੇ ਫਿਲੌਰ ਵਿਧਾਨ ਸਭਾ ਹਲਕੇ ਵਿਚ ਖ਼ਰਚੇ, ਜਿਸ ਨੂੰ ਚੌਧਰੀ ਸੰਤੋਖ ਸਿੰਘ ਆਪਣਾ ਜੱਦੀ ਹਲਕਾ ਦੱਸਦੇ ਹਨ।
ਕਿਉਂ ਮਹੱਤਵਪੂਰਨ ਜਲੰਧਰ ਹਲਕਾ ਤੇ ਕੀ ਚੁਣੌਤੀਆਂ:
ਜਲੰਧਰ ਲੋਕ ਸਭਾ ਸੀਟ ਦੁਆਬੇ ਦੇ ਖਾਸ ਹਲਕਿਆਂ 'ਚੋਂ ਇੱਕ ਹੈ। ਇੱਥੋਂ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ 'ਚ ਵੱਸੇ ਹੋਏ ਹਨ। ਜਲੰਧਰ ਨੂੰ ਮੀਡੀਆ ਹੱਬ ਵੀ ਕਿਹਾ ਜਾਂਦਾ ਹੈ। ਇੱਥੇ ਦੂਰਦਰਸ਼ਨ, ਆਲ ਇੰਡੀਆ ਰੇਡੀਓ ਤੋਂ ਇਲਾਵਾ ਅਜੀਤ, ਭਾਸਕਰ ਤੇ ਜਾਗਰਣ ਜਿਹੇ ਵੱਡੇ ਮੀਡੀਆ ਅਦਾਰੇ ਹਨ। ਜਲੰਧਰ 'ਚ ਹਸਪਤਾਲ ਤੇ ਵਿੱਦਿਅਕ ਅਦਾਰਿਆਂ ਦੀ ਵੀ ਬਹੁਤਾਤ ਹੈ। ਪੰਜਾਬ ਟੈਕਨੀਕਲ ਯੂਨੀਵਰਸਿਟੀ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੋ ਵੱਡੀਆਂ ਯੂਨੀਵਰਸਿਟੀਆਂ ਹਨ।
2014 ਦੀਆਂ ਚੋਣਾਂ ਦੌਰਾਨ ਜਦੋਂ ਪੰਜਾਬ ਵਿਚ ‘ਆਪ’ ਦਾ ਉਭਾਰ ਹੋ ਰਿਹਾ ਸੀ ਤਾਂ ਵੀ ਇੱਥੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ 70,981 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਇੱਥੋਂ ਕਾਂਗਰਸ ਪਾਰਟੀ ਨੇ ਪਹਿਲਾਂ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਸੀ, ਪਰ ਬਾਅਦ ਵਿਚ ਉਨ੍ਹਾਂ ਦੀ ਟਿਕਟ ਕੱਟ ਕੇ ਚੌਧਰੀ ਸੰਤੋਖ ਸਿੰਘ ਦੇ ਪੁੱਤ ਚੌਧਰੀ ਬਿਕਰਮਜੀਤ ਸਿੰਘ ਨੂੰ ਦੇ ਦਿੱਤੀ ਸੀ, ਪਰ ਉਹ ਬੁਰੀ ਤਰ੍ਹਾਂ ਚੋਣ ਹਾਰ ਗਏ ਸਨ।
ਮੌਜੂਦਾ ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਮੁੜ ਤੋਂ ਸੰਤੋਖ ਚੌਧਰੀ 'ਤੇ ਭਰੋਸਾ ਜਤਾਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਚਰਨਜੀਤ ਅਟਵਾਲ ਨੂੰ ਟਿਕਟ ਦਿੱਤੀ ਹੈ ਤੇ ਉੱਧਰ, ਆਮ ਆਦਮੀ ਪਾਰਟੀ ਨੇ ਸਾਬਕਾ ਜਸਟਿਸ ਜ਼ੋਰਾ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਪਰ ਜਲੰਧਰ ਦੀ ਸਿਆਸਤ 'ਚ ਵੱਡਾ ਨਾਂਅ ਰਹਿ ਚੁੱਕੇ ਮਹਿੰਦਰ ਸਿੰਘ ਕੇਪੀ ਵੱਲੋਂ ਬਗ਼ਾਵਤੀ ਝੰਡਾ ਚੁੱਕਣ ਨਾਲ ਸੰਤੋਖ ਸਿੰਘ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।
ਕੇਪੀ ਨੂੰ ਪਿਛਲੀ ਵਾਰ ਹੁਸ਼ਿਆਰਪੁਰ ਤੋਂ ਚੋਣ ਲੜਨ ਲਈ ਭੇਜਿਆ ਗਿਆ ਸੀ ਪਰ ਉਹ ਵਿਜੈ ਸਾਂਪਲਾ ਤੋਂ ਹਾਰ ਗਏ ਸਨ। ਕੇਪੀ ਨੂੰ ਆਸ ਸੀ ਕਿ ਇਸ ਵਾਰ ਜਲੰਧਰ ਜਾਂ ਹੁਸ਼ਿਆਰਪੁਰ ਤੋਂ ਉਨ੍ਹਾਂ ਦਾ ਨੰਬਰ ਲੱਗੇਗਾ ਪਰ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਕੇਪੀ ਨੇ ਆਜ਼ਾਦ ਚੋਣ ਲੜਨ ਦੀ ਧਮਕੀ ਵੀ ਦਿੱਤੀ ਹੋਈ ਹੈ। ਹਾਲਾਂਕਿ, ਪਾਰਟੀ ਕੇਪੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਹੁਣ ਇਨ੍ਹਾਂ ਸਾਰੇ ਸਿਆਸਤਦਾਨਾਂ ਦੀ ਕਿਸਮਤ ਦਾ ਫੈਸਲਾ ਆਉਣ ਵਾਲੀ 19 ਮਈ ਨੂੰ ਲੋਕਾਂ ਦੀਆਂ ਵੋਟਾਂ ਨੇ ਕਰ ਹੀ ਦੇਣਾ ਹੈ। 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਸਭ ਦੇ ਸਾਹਮਣੇ ਹੋਣਗੇ।
ਤੁਹਾਡਾ ਐਮਪੀ: ਸੰਸਦ ਤੇ ਹਲਕੇ 'ਚ 'ਪਾਸ' ਸੰਤੋਖ ਚੌਧਰੀ, ਫਿਰ ਵੀ ਆਪਣੇ ਬਣੇ 'ਬੇਗ਼ਾਨੇ'
ਏਬੀਪੀ ਸਾਂਝਾ
Updated at:
10 Apr 2019 09:10 PM (IST)
ਸੰਤੋਖ ਚੌਧਰੀ ਨੇ ਇਸ ਵਿੱਚੋਂ 20.98 ਕਰੋੜ ਰੁਪਏ ਆਪਣੇ ਹਲਕੇ ਦੇ ਵਿਕਾਸ 'ਤੇ ਖਰਚੇ ਹਨ, ਜਦਕਿ 2.32 ਕਰੋੜ ਰੁਪਏ ਬਚ ਗਏ ਹਨ। ਉਨ੍ਹਾਂ ਆਪਣੇ ਫੰਡਾਂ ਦਾ 91.26% ਹਿੱਸਾ ਖਰਚ ਦਿੱਤਾ ਹੈ।
- - - - - - - - - Advertisement - - - - - - - - -