ਨਵੀਂ ਦਿੱਲੀ: 13 ਅਪਰੈਲ, 1919 ਨੂੰ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ਼ ਵਿੱਚ ਵਾਪਰੇ ਖ਼ੂਨੀ ਸਾਕੇ ਲਈ ਬ੍ਰਿਟੇਨ ਦੀ ਮੌਜੂਦਾ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਪਛਤਾਵਾ ਪ੍ਰਗਟਾਇਆ ਹੈ। ਬਰਤਾਨਵੀ ਪੀਐਮ ਨੇ ਸੰਸਦ ਨੂੰ ਸੰਬੋਧਨ ਕਰਦਿਆਂ ਇਹ ਬਿਆਨ ਦਿੱਤਾ। ਉਨਾਂ ਕਿਹਾ ਕਿ ਜੋ ਵੀ ਹੋਇਆ ਤੇ ਇਸ ਦੇ ਸਿੱਟਿਆਂ 'ਤੇ ਸਾਨੂੰ ਬੇਹੱਦ ਪਛਤਾਵਾ ਹੈ।

ਘਟਨਾ ਦੇ 100 ਸਾਲ ਪੂਰੇ ਹੋਣ ਤੋਂ ਪਹਿਲਾਂ ਜਦੋਂ ਬ੍ਰਿਟੇਨ ਸਰਕਾਰ ਵੱਲੋਂ ਮੁਆਫ਼ੀ ਮੰਗਣ ਦੇ ਪ੍ਰਸਤਾਵ 'ਤੇ ਬ੍ਰਿਟਿਸ਼ ਸੰਸਦ ਵਿੱਚ ਬਹਿਸ ਹੋਈ ਸੀ ਤਾਂ ਲਗਪਗ ਸਾਰੇ ਦਲਾਂ ਦੇ ਸੰਸਦ ਮੈਂਬਰਾਂ ਨੇ ਇਸ ਪ੍ਰਸਤਾਵ 'ਤੇ ਸਹਿਮਤੀ ਜਤਾਈ ਸੀ। ਹਾਲਾਂਕਿ ਬਹਿਸ ਦੇ ਜਵਾਬ ਵਿੱਚ ਬ੍ਰਿਟੇਨ ਸਰਕਾਰ ਦੇ ਏਸ਼ੀਆ-ਪ੍ਰਸ਼ਾਂਤ ਖੇਤਰ ਮਾਮਲਿਆਂ ਦੇ ਮੰਤਰੀ ਮਾਰਕ ਫੀਲਡ ਨੇ ਇਸ 100 ਸਾਲ ਪਹਿਲਾਂ ਹੋਈ ਘਟਨਾ 'ਤੇ ਅਫ਼ਸੋਸ ਤਾਂ ਜਤਾਇਆ ਪਰ ਮੁਆਫੀ ਮੰਗਣ ਤੋਂ ਕਿਨਾਰਾ ਕਰ ਲਿਆ।


ਹੈਰੋ ਈਸਟ ਦੇ ਸੰਸਦ ਮੈਂਬਰ ਬਾਬ ਬਲੈਕਮੈਨ ਨੇ ਇਸ ਸਬੰਧੀ ਪ੍ਰਸਤਾਵ ਰੱਖਿਆ ਸੀ ਜਿਸ 'ਤੇ ਵੈਸਟਮਿੰਸਟਰ ਹਾਲ ਡਿਬੇਟ ਦਾ ਜਵਾਬ ਦਿੰਦਿਆਂ ਮੰਤਰੀ ਮਾਰਕ ਫੀਲਡ ਨੇ ਕਿਹਾ ਕਿ ਅਤੀਤ ਵਿੱਚ ਹੋਈਆਂ ਘਟਨਾਵਾਂ 'ਤੇ ਮੁਆਫੀ ਮੰਗਣ ਲਈ ਮੇਰਾ ਰਵੱਈਆ ਥੋੜ੍ਹਾ ਰਵਾਇਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਦੇ ਪੁਰਾਣੀਆਂ ਘਟਨਾਵਾਂ ਉਤੇ ਮੁਆਫੀ ਮੰਗਣ ਦੇ ਵਿੱਤੀ ਪਹਿਲੂ ਵੀ ਹੁੰਦੇ ਹਨ। ਇਸ ਨਾਲ ਹੀ ਇੱਕ ਘਟਨਾ ਦੇ ਮੁਆਫ਼ੀ ਮੰਗਣ ਨਾਲ ਹੋਰ ਘਟਨਾਵਾਂ ਲਈ ਵੀ ਅਜਿਹਾ ਕਰਨ ਦੀ ਮੰਗ ਵਧੇਗੀ।

ਹਾਲਾਂਕਿ, ਮੰਤਰੀ ਮਾਰਕ ਫੀਲਡ ਨੇ ਸਦਨ ਵਿੱਚ ਉੱਠੀ ਇਸ ਮੰਗ ਨਾਲ ਹਮਦਰਦੀ ਜਤਾਈ ਕਿ ਬ੍ਰਿਟੇਨ ਸਰਕਾਰ ਨੂੰ ਜੱਲ੍ਹਿਆਂਵਾਲਾ ਬਾਗ ਕਤਲੇਆਮ 'ਤੇ ਹੁਣ ਤਕ ਜਤਾਏ ਅਫਸੋਸ ਤੋਂ ਅੱਗ ਵਧਣਾ ਚਾਹੀਦਾ ਹੈ। ਕਰੀਬ ਇੱਕ ਦਰਜਨ ਸਾਂਸਦਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 13 ਅਪਰੈਲ,1919 ਨੂੰ ਨਿਹੱਥੇ ਭਾਰਤੀਆਂ 'ਤੇ ਗੋਲ਼ੀ ਚਲਾਉਣ ਲਈ ਮੁਆਫੀ ਮੰਗਣਾ ਬ੍ਰਿਟੇਨ ਸਰਕਾਰ ਤੇ ਦੱਖਣੀ ਏਸ਼ੀਆ ਦੇ ਰਿਸ਼ਤਿਆਂ ਨੂੰ ਮਜ਼ਬੂਤੀ ਹੀ ਦਏਗਾ। ਬਲੈਕਮੈਨ ਨੇ ਕਿਹਾ ਕਿ ਅਜਿਹਾ ਕਰਨ ਨਾਲ ਇਤਿਹਾਸ ਤਾਂ ਨਹੀਂ ਬਦਲਿਆ ਜਾ ਸਕੇਗਾ ਪਰ ਇੱਕ ਪੰਨਾ ਜ਼ਰੂਰ ਪਲਟਿਆ ਜਾ ਸਕਦਾ ਹੈ।