ਨਾਂ: ਸੁਨੀਲ ਕੁਮਾਰ ਜਾਖੜ


ਪਾਰਟੀ: ਕਾਂਗਰਸ (Indian National Congress)

ਪਾਰਲੀਮਾਨੀ ਸਟੇਟਸ: 16ਵੀਂ ਲੋਕ ਸਭਾ ਦੇ ਮੈਂਬਰ

ਸਿਆਸੀ ਪਿਛੋਕੜ: ਸੁਨੀਲ ਕੁਮਾਰ ਜਾਖੜ ਦਾ ਜਨਮ 9 ਫਰਵਰੀ, 1954 ਨੂੰ ਕਾਂਗਰਸ ਦੇ ਸੀਨੀਅਰ ਨੇਤਾ ਬਲਰਾਮ ਜਾਖੜ ਦੇ ਘਰ ਹੋਇਆ। ਪਿੰਡ ਪੰਜਕੋਸੀ ਉਨ੍ਹਾਂ ਦਾ ਜੱਦੀ ਇਲਾਕਾ ਹੈ, ਜੋ ਇਸ ਸਮੇਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਅਧੀਨ ਆਉਂਦਾ ਹੈ। ਜਾਖੜ ਨੇ ਸੂਬਾ ਪੱਧਰੀ ਸਿਆਸਤ ਵਿੱਚ ਸਾਲ 2002 ਵਿੱਚ ਕਦਮ ਰੱਖਿਆ ਜਦੋਂ ਪੰਜਾਬ ਵਿੱਚ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ। ਜਾਖੜ ਸਾਲ 2002, 2007 ਅਤੇ 2012 ਵਿੱਚ ਅਬੋਹਰ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਰਹੇ ਹਨ, ਸਾਲ 2017 ਵਿੱਚ ਉਨ੍ਹਾਂ ਨੂੰ ਗੁਰਦਾਸਪੁਰ ਤੋਂ ਤਤਕਾਲੀ ਸੰਸਦ ਮੈਂਬਰ ਵਿਨੋਦ ਖੰਨਾ ਦੇ ਅਕਾਲ ਚਲਾਣੇ ਮਗਰੋਂ ਲੋਕ ਸਭਾ ਚੋਣ ਲੜਵਾਈ ਗਈ। ਇਸ ਸਮੇਂ ਜਾਖੜ ਲੋਕ ਸਭਾ ਮੈਂਬਰ ਹੋਣ ਦੇ ਨਾਲ-ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਹਨ।

ਹਲਕਾ: ਗੁਰਦਾਸਪੁਰ, 14 ਅਕਤੂਬਰ, 2017 ਨੂੰ ਸਾਬਕਾ ਐਪੀ ਵਿਨੋਦ ਖੰਨਾ ਦੀ ਮੌਤ ਮਗਰੋਂ ਸੁਨੀਲ ਜਾਖੜ ਭਾਜਪਾ ਦੇ ਸਵਰਨ ਸਲਾਰੀਆ ਨੂੰ 1,93,219 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਲੋਕ ਸਭਾ ਮੈਂਬਰ ਬਣੇ।

ਸੰਸਦੀ ਕਾਰਗੁਜ਼ਾਰੀ: ਸੁਨੀਲ ਜਾਖੜ ਨੂੰ ਐਮਪੀ ਬਣੇ ਨੂੰ ਡੇਢ ਕੁ ਸਾਲ ਹੀ ਹੋਇਆ ਹੈ। ਇਸ ਦੌਰਾਨ ਲੋਕ ਸਭਾ ਵਿੱਚ ਉਹ ਕਾਫੀ ਸਰਗਰਮ ਰਹੇ ਅਤੇ ਉਹ ਵਿਗਿਆਨ ਤੇ ਤਕਨਾਲੋਜੀ ਅਤੇ ਵਾਤਾਵਰਨ ਤੇ ਜੰਗਲਾਤ ਸਬੰਧੀ ਪਾਰਲੀਮਾਨੀ ਕਮੇਟੀਆਂ ਦੇ ਮੈਂਬਰ ਵੀ ਹਨ। ਇਸ ਦੇ ਬਾਵਜੂਦ ਆਪਣੇ ਹਲਕੇ ਦੇ ਵਿਕਾਸ ਕਰਨ ਲਈ ਉਨ੍ਹਾਂ ਵੱਲੋਂ ਹੱਥ ਘੁੱਟ ਕੇ ਰੱਖਿਆ ਹੋਇਆ ਜਾਪਦਾ ਹੈ। ਇਹ ਇਸ ਲਈ ਕਿਉਂਕਿ ਜਾਖੜ ਨੇ ਐਮਪੀ ਨੂੰ ਜਾਰੀ ਹੋਣ ਵਾਲੇ ਫੰਡਾਂ 'ਚੋਂ 97.53 ਫ਼ੀਸਦ ਹਿੱਸਾ ਵਰਤਿਆ ਹੀ ਨਹੀਂ

  • MPLAD ਫੰਡ:ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਹਲਕੇ ਦਾ ਵਿਕਾਸ ਕਰਨ ਲਈ ਮਿਲਦੇ ਸਾਲਾਨਾ ਪੰਜ ਕਰੋੜ (ਪੂਰੇ ਕਾਰਜਕਾਲ 'ਚ 25 ਕਰੋੜ) ਰੁਪਏ ਮਿਲਦੇ ਹਨ, ਜਿਨ੍ਹਾਂ ਵਿੱਚੋਂ ਜਾਖੜ ਨੂੰ ਉਨ੍ਹਾਂ ਦੇ ਕਾਰਜਕਾਲ ਦੇ ਹਿਸਾਬ ਨਾਲ 12.39 ਕਰੋੜ ਰੁਪਏ ਜਾਰੀ ਹੋ। ਇਨ੍ਹਾਂ ਵਿੱਚੋਂ ਸੁਨੀਲ ਜਾਖੜ ਨੇ ਆਪਣੇ ਹਲਕੇ ਵਿੱਚ ਖਰਚਣ ਲਈ ਤਕਰੀਬਨ 2.20 ਕਰੋੜ ਰੁਪਏ ਮੰਗੇ ਸਨ ਤੇ ਉਨ੍ਹਾਂ 1.38 ਕਰੋੜ ਰੁਪਏ ਭਾਰਤ ਸਰਕਾਰ ਵੱਲੋਂ ਜਾਰੀ ਹੋਏ ਹਨ। ਸੁਨੀਲ ਜਾਖੜ ਨੇ ਇਨ੍ਹਾਂ ਵਿੱਚੋਂ ਸਿਰਫ 20 ਲੱਖ ਰੁਪਏ ਖਰਚੇ। ਐਮਪੀਐਲਏਡੀ ਦੀ ਵੈੱਬਸਾਈਟ ਮੁਤਾਬਕ ਜਾਖੜ ਦੇ ਐਮਪੀ ਖਾਤੇ ਵਿੱਚ ਹਾਲੇ ਵੀ 12.19 ਕਰੋੜ ਰੁਪਏ ਬਕਾਇਆ ਪਏ ਹਨ।

  • ਸੰਸਦੀ ਸਰਗਰਮੀਆਂ: 65 ਸਾਲਾ ਸੁਨੀਲ ਜਾਖੜ ਲੋਕ ਸਭਾ ਵਿੱਚ ਕਾਫੀ ਸਰਗਰਮ ਰਹੇ। ਜਾਖੜ ਦੀ ਸੰਸਦ ਵਿੱਚ ਹਾਜ਼ਰੀ 87% ਹੈ ਜੋ ਪੂਰੇ ਦੇਸ਼ ਦੇ ਐਮਪੀਜ਼ (80%) ਤੋਂ ਵੱਧ ਹੈ। ਜਾਖੜ ਨੇ ਆਪਣੇ ਕਾਰਜਕਾਲ ਦੌਰਾਨ ਕੁੱਲ 22 ਸਵਾਲ ਪੁੱਛੇ ਜਿਨ੍ਹਾਂ ਵਿੱਚ ਖੇਤੀ ਤੇ ਕਿਸਾਨ ਕਲਿਆਣ, ਰੱਖਿਆ, ਵਾਤਾਵਰਨ ਬਚਾਅ ਤੇ ਗ੍ਰਹਿ ਮਾਮਲੇ ਆਦਿ ਵਿਸ਼ੇ ਪ੍ਰਮੁੱਖ ਹਨ। ਜਾਖੜ ਆਪਣੇ ਕਈ ਸਾਥੀ ਸੰਸਦ ਮੈਂਬਰਾਂ ਨਾਲ ਰਲ਼ ਕੇ ਸਦਨ ਦੇ ਬਾਹਰ ਕਈ ਵਾਰ ਮੋਦੀ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰ ਕੇ ਸੁਰਖੀਆਂ ਬਟੋਰਨ ਵਿੱਚ ਵੀ ਅੱਗੇ ਰਹਿੰਦੇ ਹਨ।


ਕਿਉਂ ਮਹੱਤਵਪੂਰਨ ਹੈ ਗੁਰਦਾਸਪੁਰ ਹਲਕਾ:

ਭੂਗੋਲਿਕ ਪੱਖ ਤੋਂ ਪੰਜਾਬ ਦੇ ਸਭ ਤੋਂ ਸਿਖਰਲੇ ਲੋਕ ਸਭਾ ਹਲਕੇ ਗੁਰਦਾਸਪੁਰ ਵਿੱਚ ਪੰਜਾਬ ਦੇ ਦੋ ਜ਼ਿਲ੍ਹੇ ਗੁਰਦਾਸਪੁਰ ਤੇ ਪਠਾਨਕੋਟ ਆਉਂਦੇ ਹਨ। ਦੋਵਾਂ ਜ਼ਿਲ੍ਹਿਆਂ ਦੇ 9 ਵਿਧਾਨ ਸਭਾ ਹਲਕੇ ਪਠਾਨਕੋਟ, ਭੋਆ, ਸੁਜਾਨਪੁਰ, ਦੀਨਾਨਗਰ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਫ਼ਤਹਿਗੜ੍ਹ ਚੂੜੀਆਂ, ਬਟਾਲਾ, ਕਾਦੀਆਂ ਮਿਲ ਕੇ ਲੋਕ ਸਭਾ ਹਲਕਾ ਗੁਰਦਾਸਪੁਰ ਬਣਾਉਂਦੇ ਹਨ। 2019 ਦੀਆਂ ਚੋਣਾਂ ਵਿੱਚ ਤਕਰੀਬਨ 15 ਲੱਖ ਵੋਟਰ ਗੁਰਦਾਸਪੁਰ ਤੋਂ ਲੋਕ ਸਭਾ ਵਿੱਚ ਭੇਜਣ ਲਈ ਆਪਣਾ ਨੁਮਾਇੰਦਾ ਭੇਜਣਗੇ।

ਹਲਕੇ ਦੀ ਹਾਲਤ:

ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੀਨੀਅਰ ਲੀਡਰ ਸੁਨੀਲ ਜਾਖੜ ਗੁਰਦਾਸਪੁਰ ਤੋਂ ਸੰਸਦ ਮੈਂਬਰ ਹਨ ਅਤੇ ਇਸ ਵਾਰ ਵੀ ਉਨ੍ਹਾਂ ਦੀ ਇੱਥੋਂ ਹੀ ਚੋਣ ਲੜਨਾ ਲਗਪਗ ਤੈਅ ਹੈ। ਕੌਮਾਂਤਰੀ ਸਰਹੱਦ ਨਾਲ ਲੱਗਦਾ ਹੋਣ ਕਰਕੇ ਇਸ ਹਲਕੇ ਦੀਆਂ ਆਪਣੀਆਂ ਹੀ ਚੁਣੌਤੀਆਂ ਹਨ ਅਤੇ ਖਾੜਕੂਵਾਦ ਦੇ ਦੌਰ ਮਗਰੋਂ ਇਲਾਕੇ ਦਾ ਵਿਕਾਸ ਬੇਹੱਦ ਘੱਟ ਹੋਇਆ। ਲੰਮੇ ਸਮੇਂ ਤੋਂ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕਾਂ ਦੀ ਮੰਗ ਹੈ ਕਿ ਇੱਥੇ ਵੱਡੀ ਸਨਅਤ ਆਵੇ, ਪਰ ਇੱਥੇ ਜ਼ਿਆਦਾਤਰ ਲਘੂ ਉਦਯੋਗ ਹਨ ਜੋ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਤਿਆਰ ਕਰਦੇ ਹਨ।

ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਜ਼ਿਆਦਾਤਰ ਪੈਦਾਵਾਰ ਗੰਨੇ ਦੀ ਹੁੰਦੀ ਹੈ, ਇਸ ਤੋਂ ਇਲਾਵਾ ਕਿਸਾਨ ਕਣਕ ਤੇ ਝੋਨੇ ਦੀ ਕਾਸ਼ਤ ਵੀ ਕਰਦੇ ਹਨ। ਇਲਾਕੇ ਲਈ ਤਿੰਨ ਚੀਨੀ ਮਿੱਲਾਂ ਜਿਨ੍ਹਾਂ ਵਿੱਚੋਂ ਦੋ ਸਹਿਕਾਰੀ ਅਤੇ ਇੱਕ ਨਿੱਜੀ ਗੰਨੇ ਦੀ ਪਿੜਾਈ ਕਰਕੇ ਖੰਡ ਤਿਆਰ ਕਰਦੀਆਂ ਹਨ। ਪਰ ਗੰਨਾ ਕਿਸਾਨਾਂ ਦਾ ਦਰਦ ਵੀ ਕਿਸੇ ਤੋਂ ਨਹੀਂ ਲੁਕਿਆ। ਹਾਲਾਂਕਿ ਜਾਖੜ ਨੇ ਕਿਸਾਨਾਂ ਲਈ ਸੰਸਦ ਵਿੱਚ ਕਾਫੀ ਸਵਾਲ ਪੁੱਛੇ ਹਨ ਅਤੇ ਪ੍ਰਦਰਸ਼ਨ ਵੀ ਕੀਤਾ ਹੈ।

ਸਾਲ 2017 ਦੌਰਾਨ ਆਜ਼ਾਦੀ ਦਿਹਾੜੇ ਦੀ ਵਰ੍ਹੇਗੰਢ ਮਨਾਉਣ ਗੁਰਦਾਸਪੁਰ ਪੁੱਜੇ ਮੁੱਖ ਮੰਤਰੀ ਕੈਪਟਨ ਨੇ ਮੈਡੀਕਲ ਕਾਲਜ ਦਾ ਐਲਾਨ ਕੀਤਾ ਸੀ, ਪਰ ਡੇਢ ਸਾਲ ਮਗਰੋਂ ਇਹ ਮਹਿਜ਼ ਐਲਾਨ ਤਕ ਹੀ ਸੀਮਤ ਹੈ। ਹਾਲਾਂਕਿ, ਸੰਸਦ ਮੈਂਬਰ ਸੁਨੀਲ ਜਾਖੜ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਚੰਗੇ ਰਿਸ਼ਤੇ ਹਨ, ਪਰ ਉਹ ਆਪਣੇ ਹਲਕੇ ਵਿੱਚ ਮੈਡੀਕਲ ਕਾਲਜ ਸ਼ੁਰੂ ਕਰਵਾਉਣ ਵਿੱਚ ਕਾਮਯਾਬ ਨਹੀਂ ਹੋਏ। ਜੇਕਰ ਕਾਲਜ ਬਣਨਾ ਸ਼ੁਰੂ ਹੋ ਜਾਂਦਾ ਤਾਂ ਜਾਖੜ ਨੂੰ ਵੀ ਆਪਣੇ ਐਮਪੀ ਫੰਡ ਖਰਚਣ ਲਈ ਯੋਗ ਥਾਂ ਮਿਲ ਜਾਣੀ ਸੀ। ਹਾਲਾਂਕਿ, ਪਾਕਿਸਤਾਨ ਦੇ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਬਣ ਰਿਹਾ ਵਿਸ਼ੇਸ਼ ਕਰਤਾਰਪੁਰ ਸਾਹਿਬ ਕੌਰੀਡੋਰ ਵੀ ਗੁਰਦਾਸਪੁਰ ਲੋਕ ਸਭਾ ਹਲਕੇ 'ਚ ਆਉਂਦਾ ਹੈ। ਤਕਰੀਬਨ 150 ਕਰੋੜ ਰੁਪਏ ਦੀ ਲਾਗਤ ਤਿਆਰ ਹੋਣ ਵਾਲਾ ਇਸ ਗਲਿਆਰੇ ਤੋਂ ਸਥਾਨਕ ਨੌਜਵਾਨਾਂ ਨੂੰ ਕੁਝ ਹੱਦ ਤਕ ਰੁਜ਼ਗਾਰ ਮਿਲਣ ਦੀ ਆਸ ਹੈ।

ਦੇਸ਼ ਵਿੱਚ ਲੋਕ ਸਭਾ ਚੋਣਾਂ ਲਈ ਮੱਤਦਾਨ 11 ਅਪਰੈਲ ਤੋਂ ਸ਼ੁਰੂ ਹੋ ਜਾਵੇਗਾ ਅਤੇ 19 ਮਈ ਤਕ ਕੁੱਲ ਸੱਤ ਗੇੜਾਂ ਵਿੱਚ ਵੋਟਿੰਗ ਚੱਲੇਗੀ। ਪੰਜਾਬ ਵਿੱਚ ਆਖਰੀ ਗੇੜ 'ਚ ਮੱਤਦਾਨ ਹੋਵੇਗਾ ਅਤੇ 23 ਮਈ ਨੂੰ ਨਤੀਜੇ ਐਲਾਨੇ ਜਾਣਗੇ। ਇਸ ਦੇ ਨਾਲ ਹੀ ਪਤਾ ਲੱਗ ਜਾਵੇਗਾ ਕਿ ਤੁਹਾਡਾ MP ਕੌਣ ਹੈ?