ਚੰਡੀਗੜ੍ਹ: ਪੱਛਮੀ ਗੜਬੜੀ ਕਾਰਨ ਉੱਤਰੀ ਭਾਰਤ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਬਦਲੀ ਹੈ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਦਿੱਲੀ, ਉੱਤਰ ਪ੍ਰਦੇਸ਼ ਤੇ ਹੋਰਨਾਂ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

 

ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਮੀਂਹ ਤੇ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਪਹਾੜੀ ਰਾਜਾਂ ਵਿੱਚ 21 ਤੋਂ 24 ਮਾਰਚ ਦੌਰਾਨ ਮੀਂਹ ਤੇ ਬਰਫ਼ਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰੀ ਤੋਂ ਮੱਧ ਭਾਰਤ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

 

ਹੋਰ ਰਾਜਾਂ ਵਿੱਚ ਵੀ ਤੇਜ਼ ਧੁੱਪ ਤੋਂ ਰਾਹਤ ਦੇ ਸੰਕੇਤ ਹਨ। ਜੰਮੂ-ਕਸ਼ਮੀਰ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਪੱਛਮੀ ਗੜਬੜੀ ਸਰਗਰਮ ਹੈ; ਜਿਸ ਨਾਲ ਮੌਸਮ ਬਦਲ ਰਿਹਾ ਹੈ। ਭਲਕੇ 22 ਮਾਰਚ ਨੂੰ ਪੰਜਾਬ ਵਿੱਚ ਮੀਂਹ ਪਵੇਗਾ। ਇਸ ਦੇ ਨਾਲ ਹੀ ਹਰਿਆਣਾ, ਉੱਤਰੀ ਰਾਜਸਥਾਨ ਵਿੱਚ ਵੀ ਹਲਕੀ ਵਰਖਾ ਦੇ ਸੰਕੇਤ ਹਨ। ਮੱਧ ਪ੍ਰਦੇਸ਼, ਛੱਤੀਸਗੜ੍ਹ, ਹੈਦਰਾਬਾਦ, ਤੇਲੰਗਾਨਾ ਜਿਹੇ ਰਾਜਾਂ ਵਿੱਚ 22 ਤੇ 23 ਮਾਰਚ ਨੂੰ ਮੀਂਹ ਦੀ ਰਫ਼ਤਾਰ ਤੇਜ਼ ਹੋ ਜਾਵੇਗੀ।

 

ਜੰਮੂ-ਕਸ਼ਮੀਰ ਤੋਂ ਇਲਾਵਾ ਗਿਲਗਿਤ ਬਾਲਟਿਸਤਾਨ ਤੇ ਮੁਜ਼ੱਫ਼ਰਾਬਾਦ ’ਚ ਮੀਂਹ 21 ਮਾਰਚ ਤੋਂ ਸ਼ੁਰੂ ਹੋ ਜਾਵੇਗਾ, ਜੋ ਹੌਲੀ-ਹੌਲੀ ਪੱਛਮੀ ਹਿਮਾਲਾ ਰਾਜਾਂ ਵਿੱਚ ਵਧਦਾ ਚਲਾ ਜਾਵੇਗਾ। ਉੱਤਰੀ ਭਾਰਤ ਦੇ ਕੁਝ ਇਲਾਕਿਆਂ ਵਿੱਚ ਭਾਰੀ ਝੱਖੜ ਝੁੱਲਣ ਤੇ ਆਸਮਾਨੀ ਬਿਜਲੀ ਚਮਕ ਕੇ ਛਿੱਟਾਂ ਪੈਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ।