ਬ੍ਰੱਸਲਸ: ਭਾਰਤ-ਪਾਕਿਸਤਾਨ ਇੱਕ ਵਾਰ ਫਿਰ ਹੋਣਗੇ ਆਹਮੋ-ਸਾਹਮਣੇ। ਦੋਵੇਂ ਦੇਸ਼ ਬ੍ਰੱਸਲਸ 'ਚ ਹੋਣ ਵਾਲੀ ਕਾਨਫਰੰਸ 'ਚ ਇਕੱਠੇ ਹੋਣਗੇ। ਉੜੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤੇ ਸਰਜੀਕਲ ਸਟ੍ਰਾਈਕ ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਜਦ ਦੋਵੇਂ ਦੇਸ਼ ਕਿਸੇ ਪ੍ਰੋਗਰਾਮ 'ਚ ਇਕੱਠੇ ਹੋਣਗੇ। ਭਾਰਤ ਦੇ ਵਿਦੇਸ਼ ਰਾਜ ਮੰਤਰੀ ਐਮ.ਜੇ. ਅਕਬਰ ਤੇ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ਼ ਅਜੀਜ਼ ਬ੍ਰੱਸਲਸ 'ਚ ਅਫਗਾਨਿਸਤਾਨ 'ਤੇ ਹੋਣ ਵਾਲੀ ਕਾਨਫਰੰਸ 'ਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਇਸ ਕਾਨਫਰੰਸ ਅਫਗਾਨਿਸਤਾਨ ਤੇ ਯੂਰਪੀਅਨ ਯੂਨੀਅਨ (ਈ.ਯੂ.) ਨੇ ਕਰਵਾਈ ਹੈ।

ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਈ.ਯੂ. ਨੇ ਕਸ਼ਮੀਰ ਦੇ ਹਾਲਾਤ ਸਮੇਤ ਤਾਜ਼ਾ ਘਟਨਾਕ੍ਰਮ 'ਤੇ ਚਿੰਤਾ ਜਤਾਈ ਹੈ। ਦੱਸਣਯੋਗ ਹੈ ਕਿ ਈ.ਯੂ. ਨੇ ਸਰਜੀਕਲ ਸਟ੍ਰਾਈਕ ਦਾ ਸਮਰਥਨ ਕੀਤਾ ਸੀ। ਇਸ ਕਾਨਫਰੰਸ 'ਚ 30 ਆਰਗੇਨਾਈਜੇਸ਼ਨ ਤੇ 70 ਦੇਸ਼ਾਂ ਦੇ ਨੁਮਾਇੰਦੇ ਹਿੱਸਾ ਲੈਣਗੇ। ਇਸ 'ਚ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਤੇ ਸੀ.ਈ.ਓ. ਡਾ. ਅਬਦੁੱਲਾ ਵੀ ਸ਼ਾਮਲ ਹੋਣਗੇ। ਕਾਨਫਰੰਸ 'ਚ ਹਿੱਸਾ ਲੈਣ ਲਈ ਐਮ.ਜੇ. ਅਕਬਰ ਤੇ ਸਰਤਾਜ਼ ਅਜੀਜ਼ ਬ੍ਰੱਸਲਸ 'ਚ ਮੌਜੂਦ ਹਨ। ਇਸ ਮੌਕੇ ਭਾਰਤ, ਅਫਗਾਨਿਸਤਾਨ, ਪਾਕਿਸਤਾਨ, ਇਰਾਨ, ਅਮਰੀਕਾ, ਰੂਸ ਤੇ ਚੀਨ ਵਿਚਕਾਰ ਇੱਕ ਮੀਟਿੰਗ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਤੇ ਪਾਕਿਸਤਾਨ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਦੋਵਾਂ ਦਰਮਿਆਨ ਕੋਈ ਮੁਲਾਕਾਤ ਦਾ ਪਲਾਨ ਤੈਅ ਨਹੀਂ ਹੈ। ਹਾਲਾਂਕਿ ਇਸ ਗੱਲ 'ਤੇ ਸਭ ਦਾ ਧਿਆਨ ਰਹੇਗਾ ਕਿ ਅਧਿਕਾਰਤ ਤੌਰ 'ਤੇ ਨਾ ਸਹੀ, ਪਰ ਕੀ ਦੋਵੇਂ ਦੇਸ਼ ਅਣਅਧਿਕਾਰਤ ਮੁਲਾਕਾਤ ਕਰਨਗੇ। ਉੜੀ 'ਤੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਦੋਨਾਂ ਦੇਸ਼ਾਂ ਦੇ ਲੀਡਰ ਇੱਖ ਕਾਨਫਰੰਸ 'ਚ ਮੌਜੂਦ ਰਹਿਣਗੇ।