ਦੁਬਈ: ਸਾਊਦੀ ਅਰਬ 'ਚ ਅੌਰਤਾਂ 'ਤੇ ਕਾਰਾਂ ਚਲਾਉਣ 'ਤੇ ਲਗਾਈ ਪਾਬੰਦੀ ਹਟਾਉਣ ਤੋਂ ਕੁਝ ਮਹੀਨੇ ਪਹਿਲਾਂ ਟੈਕਸੀ ਡਰਾਈਵਿੰਗ ਲਈ ਲਾਇਸੈਂਸ ਲੈਣ ਲਈ ਅਰਜ਼ੀਆਂ ਦੇਣ ਵਾਲੀਆਂ ਅੌਰਤਾਂ ਦਾ ਹੜ੍ਹ ਆ ਗਿਆ ਹੈ। ਉਬਰ ਅਤੇ ਕਰੀਮ ਕੰਪਨੀਆਂ ਜੋ ਟੈਕਸੀ ਚਲਾਉਣ ਦਾ ਕਾਰੋਬਾਰ ਕਰਦੀਆਂ ਹਨ ਨੇ ਅੌਰਤ ਡਰਾਈਵਰਾਂ ਦੀ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਹੈ ਤੇ ਪਹਿਲੀਆਂ ਟੈਕਸੀ ਡਰਾਈਵਰਾਂ ਦੀ ਭਰਤੀ ਕਰ ਲਈ ਹੈ।


ਸਾਊਦੀ ਅਰਬ ਪ੍ਰਸ਼ਾਸਨ ਨੇ ਜੂਨ 2018 ਤੋਂ ਅੌਰਤਾਂ ਦੇ ਕਾਰਾਂ ਜਾਂ ਟੈਕਸੀਆਂ ਚਲਾਉਣ 'ਤੇ ਲਗਾਈ ਪਾਬੰਦੀ ਹਟਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਮੇਂ ਅੌਰਤ ਉਪਭੋਗਤਾ 80 ਫ਼ੀਸਦੀ ਉਬਰ ਅਤੇ ਬਾਕੀ ਦੁਬਈ ਆਧਾਰਤ ਕਰੀਮ ਕੰਪਨੀਆਂ ਦੀਆਂ ਟੈਕਸੀਆਂ ਦੀ ਵਰਤੋਂ ਕਰਦੀਆਂ ਹਨ।

ਇਸ ਸਮੇਂ ਉਬਰ ਤੇ ਕਰੀਮ ਫਰਮਾਂ ਵੱਲੋਂ ਸਾਰੇ ਮਰਦ ਡਰਾਈਵਰ ਭਰਤੀ ਕੀਤੇ ਜਾਂਦੇ ਹਨ ਜੋਕਿ ਸਾਊਦੀ ਅਰਬ ਦੇ ਨਾਗਰਿਕ ਹਨ। ਜ਼ਿਆਦਾਤਰ ਸਾਊਦੀ ਅਰਬ ਦੇ ਡਰਾਈਵਰ ਆਪਣੀਆਂ ਨਿੱਜੀ ਟੈਕਸੀਆਂ ਚਲਾ ਰਹੇ ਹਨ। ਸਤੰਬਰ 2017 'ਚ ਸ਼ਾਹੀ ਪਰਿਵਾਰ ਵੱਲੋਂ ਅੌਰਤ ਡਰਾਈਵਰਾਂ 'ਤੇ ਕਾਰਾਂ ਚਲਾਉਣ 'ਤੇ ਲਗਾਈ ਪਾਬੰਦੀ ਨੂੰ ਹਟਾਉਣ ਦੇ ਆਦੇਸ਼ ਪਿੱਛੋਂ ਉਬਰ ਤੇ ਕਰੀਮ ਕੰਪਨੀਆਂ ਵੱਲੋਂ ਅੌਰਤ ਡਰਾਈਵਰਾਂ ਦੀ ਭਰਤੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ।