ਵਾਸ਼ਿੰਗਟਨ: ਅਮਰੀਕਾ ਦੇ ਪਿੱਟਸਬਗਰ ਵਿੱਚ ਸ਼ਨੀਵਾਰ ਨੂੰ ਯਹੂਦੀਆਂ ਦੇ ਧਾਰਮਿਕ ਅਸਥਾਨ 'ਤੇ ਗੋਲ਼ੀਬਾਰੀ ਕੀਤੀ ਗਈ, ਜਿਸ ਵਿੱਚ 11 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹਮਲੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ ਕਈ ਹੋਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਹਮਲਾ ਕਰਨ ਵਾਲੇ ਵਿਅਕਤੀ ਨੇ ਪੁਲਿਸ ਨੂੰ ਸਮਰਪਣ ਕਰ ਦਿੱਤਾ।
ਸਮਰਪਣ ਤੋਂ ਪਹਿਲਾਂ ਹਮਲਾਵਰ ਰੌਬਰਟ ਬੋਵਰਸ (46) ਰੌਲ਼ਾ ਪਾ ਰਿਹਾ ਸੀ ਕਿ ਆਲ ਜ਼ਿਊਸ਼ ਮਸਟ ਡਾਇ ਯਾਨੀ ਸਾਰੇ ਯਹੂਦੀਆਂ ਨੂੰ ਮਰਨਾ ਚਾਹੀਦਾ ਹੈ। ਇਹ ਕਹਿੰਦਾ ਹੋਇਆ ਉਹ ਯਹੂਦੀ ਧਾਰਮਿਕ ਸਥਾਨ ਦੇ ਭਵਨ ਵਿੱਚ ਦਾਖ਼ਲ ਹੋਇਆ ਤੇ ਗੋਲ਼ੀਆਂ ਚਲਾ ਦਿੱਤੀਆਂ। ਅਮਰੀਕਾ ਵਿੱਚ ਯਹੂਦੀਆਂ ਵਿਰੁੱਧ ਨਸਲੀ ਹਮਲੇ ਦੀ ਇਹ ਪਹਿਲੀ ਘਟਨਾ ਹੈ।
ਐਫਬੀਆਈ ਵੀ ਇਸ ਹਮਲੇ ਦੀ ਨਸਲੀ ਅਪਰਾਧ ਮੰਨ ਕੇ ਜਾਂਚ ਕਰ ਰਹੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਹਮਲਾਵਰ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ। ਇਸ ਹਮਲੇ ਦੇ ਸੋਗ ਵਜੋਂ 31 ਅਕਤੂਬਰ ਤਕ ਅਮਰੀਕਾ ਦਾ ਕੌਮੀ ਝੰਡਾ ਅੱਧਾ ਝੁਕਿਆ ਰੱਖਿਆ ਜਾਵੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜ਼ਾਮਿਨ ਨੇਤਨਯਾਹੂ ਨੇ ਘਟਨਾ ਤੋਂ ਬਾਅਦ ਅਮਰੀਕਾ ਨਾਲ ਏਕਤਾ ਦਾ ਪ੍ਰਗਟਾਵਾ ਕਰਦਿਆਂ ਵੀਡੀਓ ਸੰਦੇਸ਼ ਵੀ ਜਾਰੀ ਕੀਤਾ।