ਕਾਬਲ-ਉੱਤਰੀ ਬਦਖਸ਼ਾਂ, ਫਰਿਆਬ ਅਤੇ ਸਾਰੀ ਪੁਲ ਸੂਬੇ 'ਚ ਅੱਜ ਤਾਲਿਬਾਨ ਠਿਕਾਣਿਆਂ 'ਤੇ ਅਫ਼ਗਾਨਿਸਤਾਨੀ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਹਮਲਾ ਕਰ ਕੇ 12 ਅੱਤਵਾਦੀਆਂ ਨੂੰ ਮਾਰ ਦਿੱਤਾ। ਉਕਤ ਜਾਣਕਾਰੀ ਇਥੋਂ ਦੇ ਇਕ ਸਥਾਨਕ ਅਧਿਕਾਰੀ ਨੇ ਦਿੱਤੀ।


ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਬਦਖਸ਼ਾਂ ਸੂਬੇ ਦੇ ਵਾਰਦੋਜ ਜ਼ਿਲ੍ਹੇ 'ਚ ਤਾਲਿਬਾਨ ਠਿਕਾਣੇ ਨੂੰ ਬੰਬ ਨਾਲ ਧਮਾਕਾ ਕਰ ਕੇ ਤਬਾਹ ਕਰ ਦਿੱਤਾ, ਜਿਸ ਨਾਲ 6 ਅੱਤਵਾਦੀ ਮਾਰੇ ਗਏ। ਖ਼ਬਰ ਏਜੰਸੀ ਸਿਨਹੂਆ ਦੀ ਖ਼ਬਰ ਅਨੁਸਾਰ ਲੜਾਕੂ ਜਹਾਜ਼ਾਂ ਨੇ ਫਰਿਆਬ ਜ਼ਿਲ੍ਹੇ ਦੇ ਸ਼ਿਰਿਨ ਤਗਬ 'ਚ ਤਾਲਿਬਾਨ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ।

ਇਸ ਕਾਰਵਾਈ 'ਚ 4 ਅੱਤਵਾਦੀ ਮਾਰੇ ਗਏ। ਸਾਰੀ ਪੁਲ ਸੂਬੇ ਦੇ ਸੰਗਚਰਕ ਜ਼ਿਲ੍ਹੇ 'ਚ 2 ਹੋਰ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਬੰਬ ਧਮਾਕਿਆਂ ਨਾਲ ਕਈ ਅੱਤਵਾਦੀ ਜ਼ਖ਼ਮੀ ਹੋ ਗਏ। ਬੁਲਾਰੇ ਨੇ ਕਿਹਾ ਕਿ ਸੁਰੱਖਿਆ ਬਲਾਂ ਦੇ ਲੜਾਕੂ ਜਹਾਜ਼ ਸੰਕਟਗ੍ਰਸਤ ਦੇਸ਼ 'ਚ ਦੁਸ਼ਮਣਾਂ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਣਗੇ।