ਓਂਟਾਰੀਓ: ਕੈਨੇਡਾ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਮੰਗਣੀ ਤੋਂ ਬਾਅਦ ਬਰੰਪਟਨ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਅੰਗੇਜ਼ਮੈਂਟ ਕੀਰਤਨ ਕਰਵਾਇਆ ਗਿਆ।

ਇਸ ਮੌਕੇ ਜਗਮੀਤ ਸਿੰਘ ਆਪਣੀ ਮੰਗੇਤਰ ਗੁਰਕਿਰਨ ਕੌਰ ਨਾਲ ਸ਼ਾਮਲ ਹੋਏ। ਇਹ ਧਾਰਮਿਕ ਸਮਾਗਮ ਚਾਰ ਫਰਵਰੀ ਨੂੰ ਸ਼ਾਮ ਚਾਰ ਤੋਂ ਅੱਠ ਵਜੇ ਤੱਕ ਚੱਲਿਆ।

ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦੇ ਰਿਸ਼ਤੇਦਾਰ ਤੇ ਮਿੱਤਰ ਵੀ ਪਹੁੰਚੇ ਹੋਏ ਸਨ। ਇਸ ਲਈ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੀ ਫੇਸਬੁੱਕ 'ਤੇ ਖੁੱਲ੍ਹਾ ਸੱਦਾ ਵੀ ਦਿੱਤਾ ਸੀ। ਨੌਜਵਾਨ ਜੋੜੀ ਨੇ ਆਈ ਸੰਗਤ ਨੂੰ ਸੰਬੋਧਨ ਵੀ ਕੀਤਾ।

ਤੁਹਾਨੂੰ ਦੱਸ ਦਈਏ ਕਿ ਦਸੰਬਰ 2017 ਦੇ ਅਖੀਰ 'ਚ ਜਗਮੀਤ ਤੇ ਗੁਰਕਿਰਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਉਨ੍ਹਾਂ ਨੇ ਮੰਗਣੀ ਕਰਵਾ ਲਈ ਹੈ।

ਇਸ ਤੋਂ ਬਾਅਦ ਕੈਨੇਡਾ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਆਪਣੀ ਮੰਗਣੀ ਦੀ ਪੁਸ਼ਟੀ ਕੀਤੀ ਸੀ। 38 ਸਾਲਾ ਜਗਮੀਤ ਨੇ 27 ਸਾਲਾ ਗੁਰਕਿਰਨ ਕੌਰ (ਫੈਸ਼ਨ ਡਿਜ਼ਾਇਨਰ) ਨਾਲ ਓਂਟਾਰੀਓ 'ਚ ਮੰਗਣੀ ਕਰਵਾਈ।

ਜਗਮੀਤ ਨੇ ਇੱਕ ਗੋਡੇ ਦੇ ਭਾਰ ਬੈਠ ਕੇ ਆਪਣੀ ਜੈਕਟ ਦੀ ਜੇਬ 'ਚੋਂ ਮੁੰਦਰੀ ਕੱਢ ਕੇ ਗੁਰਕਿਰਨ ਨੂੰ ਪ੍ਰਪੋਜ਼ ਕੀਤਾ ਸੀ, ਜਿਸ ਨੂੰ ਉਸ ਨੇ ਮਨਜ਼ੂਰ ਕਰ ਲਿਆ ਸੀ। ਇਸ ਮਗਰੋਂ ਗੁਰਕਿਰਨ ਨੇ ਸਭ ਵੱਲ ਮੁੰਦਰੀ ਵਾਲਾ ਹੱਥ ਦਿਖਾਉਂਦਿਆਂ ਕਿਹਾ,''ਮੇਰੀ ਮੰਗਣੀ ਹੋ ਗਈ।''