ਪਿਸ਼ਾਵਰ: ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ’ਚ ਪਸ਼ਤੋ ਥਿਏਟਰ ਅਦਾਕਾਰਾ ਤੇ ਗਾਇਕਾ ਸੁੰਬਲ ਦਾ ਕਤਲ ਕਰ ਦਿੱਤਾ ਗਿਆ। ਸੁੰਬਲ ਨੇ ਕਿਸੇ ਨਿੱਜੀ ਪ੍ਰੋਗਰਾਮ ’ਚ ਜਾਣ ਤੋਂ ਇਨਕਾਰ ਕਰਨ ’ਤੇ ਉਸ ਨੂੰ ਗੋਲੀਆਂ ਨਾਲ ਵਿੰਨ੍ਹ ਦਿੱਤਾ। ਪੁਲਿਸ ਮੁਤਾਬਕ ਤਿੰਨ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਤੇ ਉਨ੍ਹਾਂ ਦੀ ਭਾਲ ਚਲ ਰਹੀ ਹੈ।


‘ਡਾਅਨ’ ਦੀ ਰਿਪੋਰਟ ਮੁਤਾਬਕ ਬੰਦੂਕਧਾਰੀ ਸ਼ਨੀਵਾਰ ਸ਼ਾਮ ਅਦਾਕਾਰਾ ਦੇ ਘਰ ਆਏ ਤੇ ਉਸ ਨੂੰ ਨਾਲ ਚਲਣ ਲਈ ਆਖਿਆ। ਸੁੰਬਲ ਨੇ ਇਸ ਤੋਂ ਇਨਕਾਰ ਕਰ ਦਿੱਤਾ ਤਾਂ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਉਹ ਮੌਕੇ ਤੋਂ ਫਰਾਰ ਹੋ ਗਏ। ਸੁੰਬਲ ਨੂੰ ਜਦੋਂ ਮਰਦਾਨ ਮੈਡੀਕਲ ਕੰਪਲੈਕਸ ਪਹੁੰਚਾਇਆ ਜਾ ਰਿਹਾ ਸੀ ਤਾਂ ਉਸ ਨੇ ਰਾਹ ’ਚ ਹੀ ਦਮ ਤੋੜ ਦਿੱਤਾ।

ਅਦਾਕਾਰਾ ਦੇ ਦਾਦੇ ਅਮੀਰ ਬਹਾਦਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਮੁਲਜ਼ਮਾਂ ’ਚ ਪੁਲਿਸ ਵਿਭਾਗ ਦਾ ਸਾਬਕਾ ਮੁਲਾਜ਼ਮ ਨਈਮ ਤੇ ਕਤਲ ਕੀਤੀ ਗਈ ਪਸ਼ਤੋ ਗਾਇਕਾ ਗਜ਼ਾਲਾ ਜਾਵੇਦ ਦਾ ਸਾਬਕਾ ਪਤੀ ਜਹਾਂਗੀਰ ਸ਼ਾਮਲ ਹਨ।

ਜਹਾਂਗੀਰ ਨੂੰ ਗਜ਼ਾਲਾ ਤੇ ਉਸ ਦੇ ਪਿਤਾ ਜਾਵੇਦ ਖ਼ਾਨ ਦੀ ਹੱਤਿਆ ਦੇ ਦੋਸ਼ ’ਚ ਸਵਾਤ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੇ ਦਸੰਬਰ 2013 ’ਚ ਦੋ ਵਾਰ ਸਜ਼ਾ-ਏ-ਮੌਤ ਤੇ 7 ਕਰੋੜ ਰੁਪਏ ਜੁਰਮਾਨਾ ਕੀਤਾ ਸੀ। ਉਂਜ ਗਜ਼ਾਲਾ ਦੇ ਪਰਿਵਾਰ ਨਾਲ ਸਮਝੌਤਾ ਹੋਣ ਮਗਰੋਂ ਉਸ ਨੂੰ ਮਈ 2014 ’ਚ ਪਿਸ਼ਾਵਰ ਹਾਈ ਕੋਰਟ ਨੇ ਬਰੀ ਕਰ ਦਿੱਤਾ ਸੀ।