ਕਰਾਚੀ-ਪਾਕਿਸਤਾਨੀ ਜਲ ਸੈਨਾ ਅਧਿਕਾਰੀਆਂ ਵੱਲੋਂ 47 ਭਾਰਤੀ ਮਛੇਰਿਆਂ ਨੂੰ ਪਾਕਿ ਦੇ ਅਧਿਕਾਰ ਖੇਤਰ ਵਾਲੇ ਸਮੁੰਦਰ 'ਚ ਦਾਖਲ ਹੋਣ ਦੇ ਕਥਿਤ ਦੋਸ਼ ਹੇਠ ਗਿ੍ਫ਼ਤਾਰ ਕੀਤਾ ਗਿਆ ਹੈ। ਪਾਕਿਸਤਾਨ ਮੈਰੀਟਾਈਮ ਸਕਿਓਰਿਟੀ ਏਜੰਸੀ ਨੇ 47 ਭਾਰਤੀ ਮਛੇਰਿਆਂ ਨੂੰ ਗਿ੍ਫ਼ਤਾਰ ਕਰਕੇ 9 ਬੇੜੀਆਂ ਨੂੰ ਵੀ ਜ਼ਬਤ ਕੀਤਾ ਹੈ।


ਗਿ੍ਫ਼ਤਾਰ ਕੀਤੇ ਗਏ ਭਾਰਤੀ ਮਛੇਰਿਆਂ ਨੂੰ ਅਗਲੀ ਜਾਂਚ ਪ੍ਰਕਿਰਿਆ ਲਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ | ਪਾਕਿ ਸੁਰੱਖਿਆ ਏਜੰਸੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰਤੀ ਮਛੇਰਿਆਂ ਨੂੰ ਪਾਕਿ ਤੱਟੀ ਖੇਤਰ 'ਚ ਦਾਖਲ ਹੋਣ ਦੇ ਕਥਿਤ ਦੋਸ਼ 'ਚ ਪਾਕਿ ਜਲ ਸੈਨਾ ਦੇ ਜਹਾਜ਼ਾਂ ਤੇ ਫਾਸਟ ਟਰੈਕ ਬੇੜਿਆਂ ਦੁਆਰਾ ਸੁਰੱਖਿਆ ਦੇ ਉਦੇਸ਼ ਨਾਲ ਚਲਾਏ ਜਾ ਰਹੇ ਇਕ ਖੁੱਲ੍ਹੇ ਅਭਿਆਨ ਤਹਿਤ ਗਿ੍ਫ਼ਤਾਰ ਕੀਤਾ ਗਿਆ।

ਲੰਘੀ 19 ਜਨਵਰੀ ਨੂੰ ਵੀ ਪਾਕਿ ਜਲ ਸੈਨਾ ਅਧਿਕਾਰੀਆਂ ਵਲੋਂ 17 ਭਾਰਤੀ ਮਛੇਰਿਆਂ ਨੂੰ ਪਾਕਿ ਦੇ ਅਧਿਕਾਰ ਖੇਤਰ ਵਾਲੇ ਸਮੁੰਦਰ 'ਚ ਦਾਖਲ ਹੋਣ ਦੇ ਦੋਸ਼ 'ਚ 3 ਬੇੜੀਆਂ ਸਮੇਤ ਹਿਰਾਸਤ 'ਚ ਲਿਆ ਗਿਆ ਸੀ |