ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਿਵਾਦਤ ਰਿਪਬਲੀਕਨ ਮੈਮੋ ਜਾਰੀ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੈਮੋ 'ਚ ਇਲਜ਼ਾਮ ਲਾਇਆ ਗਿਆ ਹੈ ਕਿ ਵਿਰੋਧੀ ਪਾਰਟੀ ਡੈਮੋਕ੍ਰੇਟਸ ਨੇ ਖੂਫੀਆ ਵਿਭਾਗ ਦਾ ਗਲਤ ਇਸਤੇਮਾਲ ਕੀਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਗਲਤ ਤਰੀਕੇ ਨਾਲ ਟਰੰਪ ਦੇ ਨਜ਼ਦੀਕੀਆਂ 'ਤੇ ਨਿਗਾਹਾਂ ਰੱਖੀਆਂ।


ਟਰੰਪ ਨੇ ਇਹ ਕਦਮ ਆਪਣੇ ਉਸ ਬਿਆਨ ਦੇ ਕੁਝ ਘੰਟਿਆਂ ਬਾਅਦ ਚੁੱਕਿਆ ਹੈ ਜਿਸ 'ਚ ਉਨ੍ਹਾਂ ਜਸਟਿਸ ਡਿਪਾਰਟਮੈਂਟ ਤੇ ਐਫਬੀਆਈ 'ਤੇ ਡੈਮੋਕ੍ਰੇਟ ਨੇਤਾਵਾਂ ਦੇ ਪੱਖ 'ਚ ਹੋਣ ਦਾ ਇਲਜ਼ਾਮ ਲਾਇਆ। ਟਰੰਪ ਨੇ ਕਿਹਾ ਕਿ ਜਸਟਿਸ ਡਿਪਾਰਟਮੈਂਟ ਤੇ ਐਫਬੀਆਈ ਨੇ ਰਿਪਬਲਿਕਨ ਨੇਤਾਵਾਂ ਖਿਲਾਫ ਜਾਂਚ ਦਾ ਰਾਜਨੀਤੀਕਰਨ ਕੀਤਾ ਹੈ।

ਵਾਈਟ ਹਾਉਸ ਦੇ ਬੁਲਾਰੇ ਰਾਜ ਸ਼ਾਹ ਨੇ ਕਿਹਾ ਕਿ ਮੈਮੋ ਸਦਨ ਦੀ ਖੁਫੀਆ ਕਮੇਟੀ ਦੇ ਮੈਂਬਰਾਂ ਦੇ ਕੋਲ ਭੇਜ ਦਿੱਤੇ ਗਏ ਹਨ। ਸਦਨ ਦੇ ਸਪੀਕਰ ਪੌਲ ਰਾਇਨ ਨੂੰ ਵੀ ਇਹ ਦਸਤਾਵੇਜ ਭੇਜਿਆ ਗਿਆ ਹੈ। 'ਓਵਲ ਆਫਿਸ' ਵਿੱਚ ਟਰੰਪ ਨੇ ਕਿਹਾ ਕਿ ਮੈਮੋ 'ਚ ਐਫਬੀਆਈ 'ਤੇ ਰਾਜਨੀਤੀ ਕਰਨ ਦਾ ਇਲਜ਼ਾਮ ਲਾਇਆ ਸੀ। ਉਨ੍ਹਾਂ ਕਿਹਾ ਕਿ ਉਹ ਮੰਨਦੇ ਹਨ ਕਿ ਇਹ ਕਲੰਕ ਹੈ ਤੇ ਕੁਝ ਲੋਕਾਂ ਨੂੰ ਆਪਣੇ ਆਪ 'ਤੇ ਸ਼ਰਮ ਆਉਣੀ ਚਾਹੀਦੀ ਹੈ।