ਵਾਸ਼ਿੰਗਟਨ: ਸੈਂਕੜੇ ਉੱਚ ਸਿੱਖਿਅਤ ਤੇ ਹੁਨਰਮੰਦ ਭਾਰਤੀ ਕਾਮਿਆਂ ਨੇ ਗ੍ਰੀਨ ਕਾਰਡ ਦੀ ਲੰਮੀ ਉਡੀਕ ਕਾਰਨ ਰਾਸ਼ਟਪਰਤੀ ਡੋਨਾਲਡ ਟਰੰਪ ਦੇ ਮੈਰਿਟ ਆਧਾਰਤ ਪ੍ਰਵਾਸ ਨੀਤੀ ਦੇ ਹੱਕ ਵਿੱਚ ਰੈਲੀ ਕੱਢੀ। ਸਾਰੇ ਭਾਰਤੀਆਂ ਆਪਣੇ ਬੱਚਿਆਂ ਤੇ ਪਤਨੀਆਂ ਸਣੇ ਰੈਲੀ ਵਿੱਚ ਸ਼ਿਰਕਤ ਕੀਤੀ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਿੱਚ ਪ੍ਰਵਾਸ ਲਈ ਮੈਰਿਟ ਆਧਾਰਤ ਇਮੀਗ੍ਰੇਸ਼ਨ ਪਾਲਿਸੀ ਦੀ ਤਜਵੀਜ਼ ਰੱਖੀ ਹੈ। ਇਸ ਸਮੇਂ ਅਮਰੀਕਾ ਕੜੀਵਾਰ ਜਾਂ ਲਾਟਰੀ ਆਧਾਰਤ ਪ੍ਰਵਾਸ ਨੀਤੀ ਚਲਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਦਾ ਕਾਨੂੰਨੀ ਤੌਰ 'ਤੇ ਪੱਕੇ ਹੋਣ ਲਈ ਇੱਕ ਦੇਸ਼ ਤੋਂ ਅਮਰੀਕਾ ਵਿੱਚ ਆਏ ਪ੍ਰਵਾਸੀਆਂ 'ਤੇ ਲਾਗੂ ਹੋਣ ਵਾਲੀ ਸੀਮਾ ਨੂੰ ਖ਼ਤਮ ਕਰਨ ਦਾ ਵਿਚਾਰ ਹੈ। ਇਸ ਨਾਲ ਇੱਕ ਦੇਸ਼ ਤੋਂ ਅਮਰੀਕਾ ਵਿੱਚ ਪ੍ਰਵਾਸ ਕਰਨ ਵਾਲੇ ਆਪਣੀ ਮੈਰਿਟ ਦੇ ਆਧਾਰ 'ਤੇ ਪੱਕੇ ਹੋਣਗੇ। ਉਨ੍ਹਾਂ ਦੇ ਜੱਦੀ ਦੇਸ਼ ਤੋਂ ਆਏ ਪ੍ਰਵਾਸੀਆਂ ਦੀ ਵੱਧ ਤੋਂ ਵੱਧ ਸੰਖਿਆ 'ਤੇ ਕੋਈ ਰੋਕ ਨਹੀਂ ਰਹੇਗੀ।

ਟਰੰਪ ਦੀ ਇਸ ਨੀਤੀ ਨਾਲ ਭਾਰਤੀਆਂ ਨੂੰ ਕਾਫੀ ਫਾਇਦਾ ਮਿਲਣ ਦੀ ਉਮੀਦ ਹੈ। ਇਸੇ ਲਈ ਇਨ੍ਹਾਂ ਭਾਰਤੀਆਂ ਨੇ ਟਰੰਪ ਦੇ ਹੱਕ ਵਿੱਚ ਰੈਲੀ ਕੱਢੀ ਹੈ। ਕਈ ਹੁਨਰਮੰਦ ਭਾਰਤੀ ਅਮਰੀਕਾ ਵਿੱਚ ਪੱਕੇ ਹੋਣ ਲਈ ਦਹਾਕੇ ਤੋਂ ਇੰਤਜ਼ਾਰ ਕਰ ਰਹੇ ਹਨ।