ਵਾਸ਼ਿੰਗਟਨ: ਭਾਰਤ ਤੇ ਚੀਨ ਵਿਚਾਲੇ ਰਿਸ਼ਤੇ ਤਲਖ ਹਨ। ਪਿਛਲੇ ਸਮੇਂ ਦੌਰਾਨ ਦੋਵਾਂ ਦੇਸਾਂ ਦੇ ਫੌਜੀ ਵੀ ਆਹਮੋ-ਸਾਹਮਣੇ ਹੁੰਦੇ ਰਹੇ ਹਨ। ਇਸ ਦੇ ਬਾਵਜੂਦ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਸਭ ਠੀਕ ਹੋਣ ਦਾ ਦਾਅਵਾ ਕਰ ਰਹੀਆਂ ਹਨ। ਦੂਜੇ ਪਾਸੇ ਅਮਰੀਕਾ ਦੇ ਸਾਬਕਾ ਕੂਟਨੀਤਕ ਨੇ ਕਹਿਣਾ ਹੈ ਕਿ ਭਾਰਤ ਤੇ ਚੀਨ ਦਰਮਿਆਨ ‘ਸੀਤ ਯੁੱਧ ਵਰਗੇ’ ਰਿਸ਼ਤੇ ਹਨ।


ਕੂਟਨੀਤਕ ਦਾ ਦਾਅਵਾ ਹੈ ਕਿ ਚਾਹੇ ਦੋਵਾਂ ਦੇਸ਼ਾਂ ਵਿਤਾਲੇ ਰਿਸ਼ਤੇ ਠੀਕ ਨਹੀਂ ਪਰ ਚੀਨ ਨੂੰ ਕਾਬੂ ਕਰਨ ਲਈ ਅਮਰੀਕਾ ਵੱਲੋਂ ਬਣਾਏ ਜਾਣ ਵਾਲੇ ਕਿਸੇ ਫਰੰਟ ਵਿੱਚ ਭਾਰਤ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ। ਵਿਦੇਸ਼ ਵਿਭਾਗ ਦੇ ਦੱਖਣੀ ਤੇ ਕੇਂਦਰੀ ਏਸ਼ੀਆ ਬਿਊਰੋ ਵਜੋਂ ਸੇਵਾਵਾਂ ਨਿਭਾਅ ਚੁੱਕੀ ਅਲਾਇਸਾ ਆਇਰਸ ਨੇ ਇਹ ਟਿੱਪਣੀਆਂ ਪਿਛਲੇ ਹਫ਼ਤੇ ਨਿਊਯਾਰਕ ਵਿੱਚ ਆਪਣੀ ਕਿਤਾਬ ‘ਅਵਰ ਟਾਈਮ ਹੈਜ਼ ਕਮ: ਹਾਓ ਇੰਡੀਆ ਇਜ਼ ਮੇਕਿੰਗ ਇਟਸ ਪਲੇਸ ਇਨ ਦਿ ਵਰਲਡ’ ਜਾਰੀ ਕੀਤੇ ਜਾਣ ਦੌਰਾਨ ਕੀਤੀਆਂ।

ਉਨ੍ਹਾਂ ਕਿਹਾ, ‘ਇਹ ਸੀਤ-ਯੁੱਧ ਵਰਗੇ ਰਿਸ਼ਤੇ ਹਨ। ਭਾਰਤ ਤੇ ਚੀਨ ਦਰਮਿਆਨ ਮਜ਼ਬੂਤ ਵਪਾਰਕ ਰਿਸ਼ਤੇ ਹਨ ਪਰ ਇਹ ਭਾਰਤ ਲਈ ਸੰਤੋਖਜਨਕ ਨਹੀਂ ਹੈ। ਇਸੇ ਤਰ੍ਹਾਂ ਦੇ ਹੋਰ ਕਾਰਨਾਂ ਕਰਕੇ ਅਮਰੀਕਾ ਵੀ ਚੀਨ ਨਾਲ ਆਪਣੇ ਵਪਾਰਕ ਰਿਸ਼ਤਿਆਂ ਤੋਂ ਸੰਤੁਸ਼ਟ ਨਹੀਂ।’ ਭਾਰਤ-ਚੀਨ ਦੇ ਸਬੰਧਾਂ ਬਾਰੇ ਸਵਾਲ ’ਤੇ ਆਇਰਸ, ਜੋ ਹੁਣ ਵਿਦੇਸ਼ ਸਬੰਧਾਂ ਬਾਰੇ ਕੌਂਸਲ ਦੇ ਮੈਂਬਰ ਹਨ, ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਹਿੰਦ ਮਹਾਸਾਗਰ ਵਿੱਚ ਚੀਨ, ਜਿਸ ਦਾ ਜਿਬੂਤੀ ਵਿੱਚ ਅੱਡਾ ਹੈ, ਦੇ ਵਧ ਰਹੇ ਪ੍ਰਭਾਵ ਤੋਂ ਭਾਰਤ ਚਿੰਤਤ ਹੈ।

ਚੀਨ ਦੇ ਪਾਕਿਸਤਾਨ ਤੇ ਸ੍ਰੀਲੰਕਾ ਨਾਲ ਗੂੜ੍ਹੇ ਸਬੰਧਾਂ ਅਤੇ ਇਨ੍ਹਾਂ ਮੁਲਕਾਂ ’ਚ ਉਸ ਵੱਲੋਂ ਕੀਤੇ ਜਾ ਰਹੇ ਨਿਵੇਸ਼ ਤੋਂ ਵੀ ਭਾਰਤ ਚਿੰਤਤ ਹੋ ਸਕਦਾ ਹੈ।’ ਉਨ੍ਹਾਂ ਕਿਹਾ ਕਿ ਚੀਨ ਨੂੰ ਕੰਟਰੋਲ ਕਰਨ ਲਈ ਨਵੀਂ ਦਿੱਲੀ ‘ਚੰਗਾ ਦਾਅ’ ਹੋ ਸਕਦਾ ਹੈ ਪਰ ਭਾਰਤ ਦੇ ਅਜਿਹੇ ਕਦਮ ਦਾ ਹਿੱਸਾ ਬਣਨ ਦੀ ਸੰਭਾਵਨਾ ਨਹੀਂ ਹੈ।

ਉਧਰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਚੀਨ ਹਮੇਸ਼ਾ ਭਾਰਤ ਨਾਲ ਦੋਸਤੀ ਤੇ ਚੰਗੇ ਗੁਆਂਢੀ ਵਾਲੇ ਰਿਸ਼ਤੇ ਦੀ ਕਦਰ ਕਰਦਾ ਹੈ ਪਰ ਉਹ ਆਪਣੇ ‘ਪ੍ਰਭੂਤਾ ਅਧਿਕਾਰਾਂ’, ਹਿੱਤਾਂ ਤੇ ਖੇਤਰੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਵੀ ਦ੍ਰਿੜ੍ਹ ਹੈ। ਉਨ੍ਹਾਂ ਕਿਹਾ ਕਿ ਪੇਈਚਿੰਗ ਨੇ ਡੋਕਲਾਮ ਵਿਵਾਦ ‘ਸੰਜਮ’ ਨਾਲ ਨਜਿੱਠਿਆ ਅਤੇ ਨਵੀਂ ਦਿੱਲੀ ਨਾਲ ਸਬੰਧਾਂ ਨੂੰ ਦਿੱਤੀ ਜਾਂਦੀ ਤਵੱਜੋ ਦਾ ਮੁਜ਼ਾਹਰਾ ਕੀਤਾ।