ਅਮਰਿੰਦਰ ਸਿੰਘ ਨੇ ਕਿਹਾ ਕਿ ਟਰੂਡੋ ਵਧੀਆ ਲੀਡਰ ਹਨ ਤੇ ਮੇਰਾ ਉਨ੍ਹਾਂ ਨਾਲ ਕੋਈ ਵੀ ਮਤਭੇਦ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ, ਸਾਨੂੰ ਉਨ੍ਹਾਂ ਦੀ ਫੇਰੀ ਸਬੰਧੀ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ, ਪਰ ਜੇਕਰ ਉਹ ਪੰਜਾਬ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਉਹ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਵਰਗੇ ਵਿਅਕਤੀਆਂ ਨੂੰ ਨਹੀਂ ਮਿਲਣਗੇ ਜੋ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਵਿੱਚ ਲੱਗੇ ਤੱਤਾਂ ਦੇ ਹਮਾਇਤੀ ਹਨ।
ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ ਵੀ ਇਸ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਸਰਕਾਰ ਤੈਅ ਕਰੇਗੀ ਕਿ ਟਰੂਡੋ ਦਾ ਸਵਾਗਤ ਕੀਤਾ ਜਾਵੇ ਕਿ ਨਾ। ਉਨ੍ਹਾਂ ਕਿਹਾ ਕਿ ਕੈਨੇਡੀਅਨ ਪੀ.ਐਮ. ਨੇ ਸਿਰਫ ਦੋ-ਚਹੁੰ ਘੰਟਿਆਂ ਲਈ ਹੀ ਪੰਜਾਬ ਆਉਣਾ ਹੈ।
ਪਿਛਲੀ ਵਾਰ ਜਦੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਪੰਜਾਬ ਆਏ ਸਨ ਤਾਂ ਕੈਪਟਨ ਨੇ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਨਹੀਂ ਮਿਲਣਗੇ। ਕੈਪਟਨ ਮੁਤਾਬਕ ਸੱਜਣ ਖਾਲਿਸਤਾਨ ਪੱਖੀ ਲੋਕਾਂ ਦੀ ਹਮਾਇਤ ਕਰਦੇ ਹਨ ਤੇ ਇਸ ਲਈ ਉਹ ਉਨ੍ਹਾਂ ਦਾ ਸਵਾਗਤ ਦਾ ਦੂਰ, ਉਨ੍ਹਾਂ ਨਾਲ ਮੁਲਾਕਾਤ ਵੀ ਨਹੀਂ ਕਰਨਗੇ। ਇਸ ਕਾਰਨ ਕੈਪਟਨ ਦੀ ਕਾਫੀ ਆਲੋਚਨਾ ਵੀ ਹੋਈ ਸੀ।