ਲਾਸ ਵੇਗਾਸ: ਅਮਰੀਕਾ ਦੇ ਲਾਸ ਵੇਗਾਸ ਵਿੱਚ 9/11 ਤੋਂ ਬਾਅਦ ਹੁਣ ਤਕ ਦੀ ਸਭ ਤੋਂ ਵੱਡੀ ਕਤਲੋਗਾਰਤ ਹੋਈ ਹੈ। 64 ਸਾਲਾ ਬਜ਼ੁਰਗ ਵਿਅਕਤੀ ਨੇ ਮਿਊਜ਼ਿਕ ਫੈਸਟੀਵਲ ਯਾਨੀ ਸੰਗੀਤਕ ਜਲਸੇ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਘਟਨਾ ਵਿੱਚ 58 ਲੋਕਾਂ ਦੀ ਮੌਤ ਹੋ ਗਈ ਤੇ 500 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਇਸ ਮੰਦਭਾਗੀ ਘਟਨਾ ਤੋਂ ਬਾਅਦ ਅਮਰੀਕਾ ਦੇ ਬੰਦੂਕ ਸੱਭਿਆਚਾਰ ਬਾਰੇ ਬਹਿਸ ਛਿੜ ਗਈ ਹੈ।
ਬਿਮਾਰੀਆਂ ਨੂੰ ਕਾਬੂ ਕਰਨ ਤੇ ਰੋਕਥਾਮ ਲਈ ਬਣੀ ਸੰਸਥਾ ਸੀ.ਡੀ.ਸੀ. ਮੁਤਾਬਕ ਅਮਰੀਕਾ ਵਿੱਚ ਬੰਦੂਕਾਂ ਕਾਰਨ ਹਰ ਸਾਲ ਤਕਰੀਬਨ 12 ਹਜ਼ਾਰ ਲੋਕਾਂ ਦੀ ਮੌਤ ਹੁੰਦੀ ਹੈ। ਬੀਤੇ 50 ਸਾਲਾਂ ਵਿੱਚ ਲੋਕਾਂ ਹੱਥ ਦਿੱਤੇ ਅਸਲੇ ਕਾਰਨ 15 ਲੱਖ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਇਸ ਵਿੱਚ ਗੋਲੀਆਂ ਦੀ ਵਾਛੜ ਕਰਨ ਤੇ ਕਤਲ ਦੇ ਮਾਮਲਿਆਂ ਵਿੱਚ ਹੀ 5 ਲੱਖ ਮੌਤਾਂ ਹੋਈਆਂ ਹਨ। ਬਾਕੀ ਮਾਮਲੇ ਖ਼ੁਦਕੁਸ਼ੀ, ਗ਼ਲਤੀ ਨਾਲ ਗੋਲੀ ਚੱਲਣ ਤੇ ਕਾਨੂੰਨੀ ਕਾਰਵਾਈ ਦੌਰਾਨ ਵੀ ਕਈ ਜਾਨਾਂ ਗਈਆਂ ਹਨ।
ਇਨ੍ਹਾਂ ਘਟਨਾਵਾਂ ਕਾਰਨ ਹੀ ਅਮਰੀਕੀ ਲੋਕ ਹਥਿਆਰ ਨੀਤੀ ਬਣਾਉਣ ਦੀ ਮੰਗ ਕਰ ਰਹੇ ਹਨ। ਲੋਕ ਹੀ ਨਹੀਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਵਾਪਰਨ ਤੋਂ ਬਾਅਦ ਗੰਨ ਪਾਲਿਸੀ ਬਣਾਉਣ ਦੀ ਮੰਗ ਕੀਤੀ ਸੀ ਪਰ ਸੰਸਦ ਵਿੱਚ ਤਕਰੀਬਨ 70 ਫ਼ੀਸਦੀ ਮੈਂਬਰ ਇਸ ਦਾ ਵਿਰੋਧ ਕਰਦੇ ਹਨ, ਇਸ ਲਈ ਅੱਜ ਤਕ ਕੋਈ ਕਾਨੂੰਨ ਨਹੀਂ ਬਣ ਸਕਿਆ ਹੈ।
ਅਮਰੀਕਾ ਵਿੱਚ ਹਥਿਆਰ ਰੱਖਣਾ ਬੁਨਿਆਦੀ ਹੱਕ ਮੰਨਿਆ ਜਾਂਦਾ ਹੈ। ਲੋਕ ਆਰਾਮ ਖ਼ਰੀਦਦਾਰੀ ਵਾਂਗ ਦੁਕਾਨ 'ਤੇ ਜਾ ਕੇ ਮਨਪਸੰਦ ਹਥਿਆਰ ਖ਼ਰੀਦ ਸਕਦੇ ਹਨ। ਅਮਰੀਕਾ ਦਾ ਅਸਲਾ ਬਾਜ਼ਾਰ ਸਾਲਾਨਾ 91 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਪੈਦਾ ਕਰਦਾ ਹੈ। ਜ਼ਾਹਰ ਹੈ ਕਿ ਇੰਨਾ ਪੈਸਾ ਬਣਾਉਣ ਵਾਲਾ ਬਾਜ਼ਾਰ ਆਪਣੇ 'ਤੇ ਕੋਈ ਪਾਬੰਦੀ ਬਰਦਾਸ਼ਤ ਨਹੀਂ ਕਰੇਗਾ, ਇਸ ਲਈ ਹਥਿਆਰ ਬਣਾਉਣ ਵਾਲੇ ਤੇ ਵੇਚਣ ਵਾਲੇ ਇਸ ਗੱਲ ਦਾ ਵਿਰੋਧ ਕਰਦੇ ਹਨ ਕਿ ਸਰਕਾਰ ਹਥਿਆਰਾਂ ਬਾਰੇ ਕੋਈ ਨੀਤੀ ਬਣਾਵੇ।
ਸੱਤਾ ਵਿੱਚ ਆਉਣ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਰੁਖ਼ ਵੀ ਹਥਿਆਰ ਸਮਰਥਕ ਵਾਲਾ ਰਿਹਾ ਹੈ। ਬੀਤੇ ਵਰ੍ਹੇ ਔਰਲੈਂਡ ਦੇ ਨਾਈਟ ਕਲੱਬ ਵਿੱਚ ਗੋਲੀਬਾਰੀ ਦੀ ਘਟਨਾ ਹੋਈ ਸੀ। ਇਸ 'ਤੇ ਰਾਸ਼ਟਰਪਤੀ ਦਾ ਮੰਨਣਾ ਹੈ ਕਿ ਜੇਕਰ ਕਲੱਬ ਕੋਲ ਹਥਿਆਰ ਹੁੰਦੇ ਤਾਂ ਬਹੁਤ ਸਾਰੇ ਲੋਕਾਂ ਨੂੰ ਮਰਨ ਤੋਂ ਬਚਾਇਆ ਜਾ ਸਕਦਾ ਸੀ। ਅੰਕੜੇ ਇਹ ਦਰਸਾਉਂਦੇ ਹਨ ਕਿ ਪੂਰੇ ਸੰਸਾਰ ਵਿੱਚ ਜਿੰਨੇ ਹਥਿਆਰ ਆਮ ਲੋਕਾਂ ਕੋਲ ਹਨ, ਉਨ੍ਹਾਂ ਵਿੱਚੋਂ ਤਕਰੀਬਨ ਅੱਧੇ ਅਮਰੀਕੀਆਂ ਕੋਲ ਹਨ। ਅਮਰੀਕੀ ਲੋਕਾਂ ਕੋਲ ਕਰੀਬ 31 ਕਰੋੜ ਹਥਿਆਰ ਹਨ। 89% ਅਮਰੀਕੀ ਆਪਣੇ ਕੋਲ ਬੰਦੂਕ ਰੱਖਦੇ ਹਨ ਤੇ ਇਨ੍ਹਾਂ ਵਿੱਚੋਂ 66% ਲੋਕ ਇੱਕ ਤੋਂ ਜ਼ਿਆਦਾ ਰਫਲ ਰੱਖਦੇ ਹਨ।
ਅਮਰੀਕੀ ਅਸਲਾ ਬਾਜ਼ਾਰ ਨਾਲ ਢਾਈ ਲੱਖ ਤੋਂ ਜ਼ਿਆਦਾ ਲੋਕ ਜੁੜੇ ਹੋਏ ਹਨ ਜੋ ਹਰ ਸਾਲ 1 ਕਰੋੜ ਤੋਂ ਜ਼ਿਆਦਾ ਰਿਵਾਲਵਰ, ਪਿਸਤੌਲ ਤੇ ਹੋਰ ਅਸਲਾ ਬਣਾਉਂਦੇ ਹਨ। ਬੰਦੂਕਾਂ ਕਾਰਨ ਹੋ ਰਹੀ ਹਿੰਸਾ ਕਾਰਨ ਅਮਰੀਕਾ ਨੂੰ ਸਾਲਾਨਾ 20 ਹਜ਼ਾਰ ਕਰੋੜ ਦਾ ਨੁਕਸਾਨ ਹੁੰਦਾ ਹੈ। 2012 ਵਿੱਚ ਹਥਿਆਰਾਂ ਕਾਰਨ ਹੋਣ ਵਾਲਾ ਨੁਕਸਾਨ ਅਮਰੀਕਾ ਦੀ ਕੁੱਲ ਜੀ.ਡੀ.ਪੀ. ਦਾ 1.4 ਫ਼ੀਸਦ ਹਿੱਸਾ ਸੀ। ਇੰਨਾ ਹੀ ਨੁਕਸਾਨ ਭਾਰਤ ਨੂੰ ਨੋਟਬੰਦੀ ਕਾਰਨ ਸਹਿਣਾ ਪਿਆ ਹੈ। ਜਨਵਰੀ-ਮਾਰਚ 2015-16 ਦੀ ਤਿਮਾਹੀ ਵਿੱਚ ਭਾਰਤ ਦਾ ਕੁੱਲ ਉਤਪਾਦਨ ਯਾਨੀ ਜੀ.ਡੀ.ਪੀ. 7.6 ਫ਼ੀ ਸਦ ਸੀ ਜੋ ਤਿਲ੍ਹਕ ਕੇ 6.1 ਫ਼ੀ ਸਦ 'ਤੇ ਆ ਗਿਆ। ਹਾਲਾਂਕਿ, ਭਾਰਤ ਸਰਕਾਰ ਇਸ ਅੰਕੜੇ ਬਾਰੇ 7.1 ਫ਼ੀਸਦੀ ਰਹਿਣ ਦੇ ਕਿਆਸੇ ਲਗਾ ਰਹੀ ਸੀ।