ਨਿਊਯਾਰਕ : ਫਲੋਰੀਡਾ ਦੇ ਪੇਂਸਾਕੋਲਾ 'ਚ 145 ਕਿਲੋ ਦੀ ਵੈਰੋਨਿਕਾ ਪੋਜੇ (64) ਨਾਂ ਦੀ ਅੌਰਤ ਆਪਣੀ ਨੌਂ ਸਾਲ ਦੀ ਚਚੇਰੀ ਭੈਣ ਨੂੰ ਸਜ਼ਾ ਦੇਣ ਲਈ ਉਸ ਦੇ ਉੱਪਰ ਬੈਠ ਗਈ। ਇਸ ਦੇ ਬਾਅਦ ਦਿਲ ਦਾ ਦੌਰਾ ਪੈਣ ਨਾਲ ਬੱਚੀ ਦੀ ਮੌਤ ਹੋ ਗਈ। ਹੁਣ ਪੋਜੇ 'ਤੇ ਹੱਤਿਆ ਦਾ ਮਾਮਲਾ ਚਲਾਇਆ ਜਾ ਰਿਹਾ ਹੈ। ਘਟਨਾ ਪਿਛਲੇ ਹਫ਼ਤੇ ਦੀ ਹੈ।


ਪੋਜੇ ਨੇ ਜਾਂਚਕਰਤਾਵਾਂ ਨੂੰ ਕਿਹਾ ਕਿ ਉਸ ਦੀ ਭੈਣ ਡੈਰਿਕਾ ਲਿੰਡਸੇ ਬਹੁਤ ਸ਼ੈਤਾਨੀ ਕਰ ਰਹੀ ਸੀ। ਉਹ ਸਜ਼ਾ ਦੇਣ ਲਈ ਉਸ ਦੇ ਉੱਪਰ ਬੈਠੀ ਸੀ। ਉਸ ਦੇ ਬੈਠਣ ਨਾਲ ਭੈਣ ਨੂੰ ਸਾਹ ਲੈਣ 'ਚ ਕਾਫੀ ਪਰੇਸ਼ਾਨੀ ਹੋਣ ਲੱਗੀ ਸੀ। ਮਾਮਲੇ 'ਚ ਇਸਕਾਂਬੀਆ ਕਾਊਂਟੀ ਦੇ ਅਧਿਕਾਰੀ ਦੀ ਰਿਪੋਰਟ ਮੁਤਾਬਕ ਪੋਜੇ ਦੇ ਉੱਠਣ ਦੇ ਠੀਕ ਬਾਅਦ ਹੀ ਡੈਰਿਕਾ ਬੇਹੋਸ਼ ਹੋ ਗਈ ਸੀ। ਹਾਲਾਂਕਿ ਰਿਪੋਰਟ 'ਚ ਹੁਣ ਤਕ ਇਹ ਸਾਫ਼ ਨਹੀਂ ਹੋ ਸਕਿਆ ਕਿ ਪੋਜੇ ਨਾਬਾਲਿਗ 'ਤੇ ਕਿੰਨੀ ਦੇਰ ਤਕ ਬੈਠੀ ਰਹੀ ਸੀ। ਯਾਦ ਰਹੇ ਕਿ ਡੈਰਿਕਾ ਦੀ ਲੰਬਾਈ ਤਿੰਨ ਫੀਟ ਤੋਂ ਕੁਝ ਜ਼ਿਆਦਾ ਅਤੇ ਵਜ਼ਨ ਸਿਰਫ 33 ਕਿਲੋ ਸੀ।

ਡੈਰਿਕਾ ਦੀ ਮਾਂ ਗ੍ਰੇਸ ਸਮਿਥ ਨੇ ਕਿਹਾ, 'ਮੈਂ ਆਪਣੀ ਬੱਚੀ ਨੂੰ ਅਨੁਸ਼ਾਸਿਤ ਨਹੀਂ ਕਰ ਪਾ ਰਹੀ ਸੀ। ਇਸ ਲਈ ਆਪਣੀ ਭਤੀਜੀ ਪੋਜੇ ਨੂੰ ਬੁਲਾਇਆ ਤਾਂ ਜੋ ਉਹ ਡੈਰਿਕਾ 'ਚ ਕੁਝ ਸੁਧਾਰ ਲਿਆ ਸਕੇ ਪਰ ਮੈਂ ਇਸ ਤਰ੍ਹਾਂ ਦੇ ਹਾਦਸੇ ਦੀ ਕਲਪਨਾ ਨਹੀਂ ਕੀਤੀ ਸੀ।'