ਵਾਸ਼ਿੰਗਟਨ: ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ 'ਚ ਭਾਰਤ ਦੀ ਸਥਾਈ ਮੈਂਬਰਸ਼ਿਪ ਨੂੰ ਲੈ ਕੇ ਅਮਰੀਕਾ ਵੱਲੋਂ ਵੱਡਾ ਬਿਆਨ ਆਇਆ ਹੈ। ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੇ ਨੇ ਕਿਹਾ ਹੈ ਕਿ ਜੇ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਥਾਈ ਮੈਂਬਰਸ਼ਿਪ ਚਾਹੁੰਦਾ ਹੈ ਤਾਂ ਉਸ ਨੂੰ ਵੀਟੋ 'ਤੇ ਆਪਣੀ ਰੱਟ ਛੱਡਣੀ ਹੋਵੇਗੀ। ਇਸ ਦੇ ਨਾਲ ਹੀ ਨਿੱਕੀ ਹੈਲੇ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਰੂਸ ਤੇ ਚੀਨ ਦੋ ਅਜਿਹੀਆਂ ਵਿਸ਼ਵ ਤਾਕਤਾਂ ਹਨ, ਜੋ ਸੁਰੱਖਿਆ ਪ੍ਰੀਸ਼ਦ ਦੇ ਮੌਜੂਦਾ ਢਾਂਚੇ 'ਚ ਬਦਲਾਵਾਂ ਦੇ ਖਿਲਾਫ ਹੈ।



ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਰਹੇ ਬਰਾਕ ਓਬਾਮਾ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ 'ਚ ਪੱਕੀ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ ਸੀ। ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੋਸ਼ ਆਰਨੇਸਟ ਨੇ ਉਸ ਮੌਕੇ ਕਿਹਾ ਸੀ ਕਿ ਜਿੱਥੋਂ ਤੱਕ ਸੁਰੱਖਿਆ ਕੌਂਸਲ 'ਚ ਭਾਰਤ ਦੀ ਮੈਂਬਰਸ਼ਿਪ ਦੀ ਗੱਲ ਹੈ ਤਾਂ ਰਾਸ਼ਟਰਪਤੀ ਇਸ ਦਾ ਸਮਰਥਨ ਕਰਦੇ ਹਨ। ਓਬਾਮਾ ਨੇ ਸੰਸਦ 'ਚ ਕਿਹਾ ਸੀ ਕਿ ਉਹ ਇਹ ਕਹਿ ਸਕਦੇ ਹਨ ਕਿ ਆਉਣ ਵਾਲੇ ਸਾਲਾਂ 'ਚ ਉਹ ਸੁਰੱਖਿਆ ਕੌਂਸਲ 'ਚ ਸੁਧਾਰ ਦੇਖਣਾ ਚਾਹੁੰਦੇ ਹਨ ਜਿਸ 'ਚ ਭਾਰਤ ਸਥਾਈ ਮੈਂਬਰ ਹੋਵੇ।



ਜ਼ਿਕਰਯੋਗ ਹੈ ਕਿ ਸੁਰੱਖਿਆ ਕੌਂਸਲ ਵਿੱਚ 15 ਮੈਂਬਰ ਹਨ। ਰੂਸ, ਅਮਰੀਕਾ, ਚੀਨ, ਫਰਾਂਸ ਤੇ ਬਰਤਾਨੀਆ ਸੰਯੁਕਤ ਰਾਸ਼ਟਰ ਦੇ ਸ਼ੁਰੂ ਤੋਂ ਹੀ ਮੈਂਬਰ ਹਨ। 10 ਅਸਥਾਈ ਮੈਂਬਰਾਂ ਦੀ ਚੋਣ ਹਰ ਦੂਜੇ ਸਾਲ ਹੁੰਦੀ ਹੈ। ਭਾਰਤ ਦਾ ਪਾਕਿਸਤਾਨ, ਚੀਨ, ਇਟਲੀ ਜਿਹੇ ਕੁਝ ਦੇਸ਼ ਵਿਰੋਧ ਕਰ ਰਹੇ ਹਨ।