Pakistan Health Crisis: ਪਾਕਿਸਤਾਨ ਵਿੱਚ ਆਰਥਿਕ ਗਰੀਬੀ ਦੇ ਵਿਚਕਾਰ, ਸਿਹਤ ਪ੍ਰਣਾਲੀ ਵੀ ਪੂਰੀ ਤਰ੍ਹਾਂ ਨਾਲ ਢਹਿ ਗਈ ਹੈ। ਗੁਆਂਢੀ ਮੁਲਕ ਵਿੱਚ ਨਿਮੋਨੀਆ ਦਾ ਕਹਿਰ ਇਸ ਹੱਦ ਤੱਕ ਫੈਲ ਗਿਆ ਹੈ ਕਿ ਮਾਪੇ ਆਪਣੇ ਬੱਚਿਆਂ ਸਮੇਤ ਹਸਪਤਾਲ ਦੇ ਬਾਹਰ ਖੜ੍ਹੇ ਹੋਣ ਲਈ ਮਜਬੂਰ ਹੋ ਗਏ ਹਨ। ਸਥਿਤੀ ਇਹ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ਇੱਕ ਸੂਬੇ ਵਿੱਚੋਂ ਕਰੀਬ 18,000 ਬੱਚਿਆਂ ਦੇ ਨਿਮੋਨੀਆ ਨਾਲ ਬਿਮਾਰ ਹੋਣ ਦੀ ਪੁਸ਼ਟੀ ਹੋਈ ਹੈ। ਇੰਨਾ ਹੀ ਨਹੀਂ 300 ਬੱਚਿਆਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ। ਇਹ ਅੰਕੜਾ ਸਿਰਫ ਜਨਵਰੀ ਮਹੀਨੇ ਦਾ ਹੈ।
ਏਐਫਪੀ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ ਨਿਮੋਨੀਆ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਇਸ ਤੋਂ ਇਲਾਵਾ ਜੋ ਕਲਾਸਾਂ ਚਲਾਉਣੀਆਂ ਬਹੁਤ ਜ਼ਰੂਰੀ ਹਨ, ਉਨ੍ਹਾਂ ਦਾ ਸਮਾਂ ਵੀ ਘਟਾਇਆ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਲਗਾਤਾਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਲੋਕ ਆਪਣੇ ਚਿਹਰੇ 'ਤੇ ਮਾਸਕ ਜ਼ਰੂਰ ਪਾਉਣ।
ਦਿਨੋ-ਦਿਨ ਵੱਧ ਰਹੇ ਨੇ ਨਿਮੋਨੀਆ ਦੇ ਮਰੀਜ਼
ਜ਼ਿਕਰ ਕਰ ਦਈਏ ਕਿ ਪਾਕਿਸਤਾਨ ਦੇ ਹਸਪਤਾਲਾਂ ਵਿੱਚ ਨਿਮੋਨੀਆ ਤੋਂ ਪੀੜਤ ਬੱਚਿਆਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਰ ਰੋਜ਼ ਨਿਮੋਨੀਆ ਤੋਂ ਪੀੜਤ ਸੈਂਕੜੇ ਬੱਚੇ ਲਾਹੌਰ ਦੇ ਚਿਲਡਰਨ ਹਸਪਤਾਲ 'ਚ ਇਲਾਜ ਲਈ ਆ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਆਦਾਤਰ ਬੱਚੇ ਖੰਘ ਅਤੇ ਸਾਹ ਲੈਣ ਵਿੱਚ ਤਕਲੀਫ਼ ਤੋਂ ਪੀੜਤ ਹਨ। ਇਸ ਸਮੇਂ ਬਹੁਤ ਸਾਰੇ ਦੇਸ਼ ਪ੍ਰਦੂਸ਼ਣ ਦੇ ਸ਼ਿਕਾਰ ਹਨ। ਇਸ ਵਿੱਚ ਪਾਕਿਸਤਾਨ ਦਾ ਨਾਂਅ ਵੀ ਸ਼ਾਮਲ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਾਹ ਘੁੱਟਣ ਕਾਰਨ ਇਹ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਇਹ ਵੀ ਪੜ੍ਹੋ-Pakistan Health Crisis: ਪਾਕਿਸਤਾਨ ਵਿੱਚ 18000 ਬੱਚੇ ਹੋਏ ਬਿਮਾਰ, ਇਸ ਬਿਮਾਰੀ ਨਾਲ ਸੈਂਕੜੇ ਮਾਸੂਮ ਲੋਕਾਂ ਦੀ ਮੌਤ
ਸਿਹਤ ਵਿਭਾਗ ਬੇਵੱਸ ਹੋਇਆ
ਪਾਕਿਸਤਾਨ 'ਚ ਵਧਦੀ ਸਿਹਤ ਸਮੱਸਿਆ ਦੇ ਵਿਚਕਾਰ ਸਿਹਤ ਵਿਭਾਗ ਵੀ ਬੇਵੱਸ ਨਜ਼ਰ ਆ ਰਿਹਾ ਹੈ। ਕਾਰਨ ਇਹ ਹੈ ਕਿ ਇਸ ਸਮੇਂ ਪਾਕਿਸਤਾਨ ਬਹੁਤ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਸਰਕਾਰੀ ਟੀਕਾਕਰਨ ਦਰਾਂ ਵਿੱਚ ਕਾਫੀ ਦੇਰੀ ਅਤੇ ਕਮੀ ਦੇਖਣ ਨੂੰ ਮਿਲ ਰਹੀ ਹੈ।