ਨਿਊਯਾਰਕ: ਭਾਰਤੀ ਮੂਲ ਦੇ ਦੋ ਵਿਅਕਤੀਆਂ ਸਮੇਤ ਤਿੰਨ ਨੂੰ 200 ਮਿਲੀਅਨ ਅਮਰੀਕੀ ਡਾਲਰ (13,54,50,00,000 ਰੁਪਏ) ਦੀ ਧੋਖਾਧੜੀ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਤਿੰਨਾਂ 'ਤੇ ਨਿਵੇਸ਼ਕਾਂ ਤੇ ਹੋਰਾਂ ਨੂੰ ਠੱਗਣ ਦਾ ਇਲਜ਼ਾਮ ਹੈ।
ਪਰਮਜੀਤ 'ਪੌਲ' ਪਰਮਾਰ (48) ਰਵੀ ਚਿਵੁਕੁਲਾ (44) ਤੇ ਸੋਟੋਰੀਅਸ 'ਸੈਮ' ਜ਼ਾਹਰਿਸ (51) ਸਾਰੇ ਨਿਊ ਜਰਸੀ ਦੇ ਰਹਿਣ ਵਾਲੇ ਹਨ ਤੇ ਇੱਕ ਸਿਹਤ ਸੇਵਾਵਾਂ ਕੰਪਨੀ ਦੇ CEO, ਕਾਰਜਕਾਰੀ ਨਿਰਦੇਸ਼ਕ ਤੇ CFO ਦੇ ਅਹੁਦਿਆਂ 'ਤੇ ਤਾਇਨਾਤ ਸਨ। ਅਮਰੀਕਾ ਦੀ ਸੁਰੱਖਿਆ ਏਜੰਸੀ ਐਫਬੀਆਈ ਨੇ ਤਿੰਨਾਂ ਨੂੰ ਠੱਗੀ ਮਾਰਨ ਤੇ ਸਾਜਿਸ਼ ਰਚਣ ਦੇ ਇਲਜ਼ਾਮਾਂ ਤਹਿਤ ਨਾਮਜ਼ਦ ਕੀਤਾ ਹੈ।
ਸ਼ਿਕਾਇਤ ਮੁਤਾਬਕ ਮਈ 2015 ਤੋਂ ਲੈ ਕੇ ਸਤੰਬਰ 2017 ਤਕ ਮੁਲਜ਼ਮਾਂ ਨੇ ਲੰਡਨ ਸਟਾਕ ਐਕਸਚੇਂਜ ਵਰਗੇ ਨਿਵੇਸ਼ ਬਾਜ਼ਾਰ ਵਿੱਚ ਪੈਸਾ ਲਾਉਣ ਲਈ ਪ੍ਰਾਈਵੇਟ ਇਨਵੈਸਟਮੈਂਟ ਫਰਮਾਂ ਤੇ ਹੋਰਾਂ ਨੂੰ ਭਰਮਾਇਆ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਦੇ ਜਾਲ ਵਿੱਚ ਫਸ ਕੇ ਉਕਤ ਨਿਜੀ ਕੰਪਨੀ ਨੇ 82 ਮਿਲੀਅਨ ਡਾਲਰ ਤੇ ਇੱਕ ਹੋਰ ਅਦਾਰੇ ਨੇ ਆਪਣੇ 130 ਮਿਲੀਅਨ ਡਾਲਰ ਡੁਬੋ ਲਏ।
ਮੁਲਜ਼ਮਾਂ 'ਤੇ ਆਪਣੇ ਨਿਵੇਸ਼ ਬਾਜ਼ਾਰ ਦੀ ਅਸਲ ਸਥਿਤੀ ਨੂੰ ਵਧਾ ਚੜ੍ਹਾਅ ਕੇ ਪੇਸ਼ ਕੀਤਾ ਤਾਂ ਜੋ ਇਸ ਵਿੱਚ ਪੈਸਾ ਲਾਉਣ ਵਾਲਿਆਂ ਨੂੰ ਇੰਝ ਲੱਗੇ ਕਿ ਉਹ ਕਾਫੀ ਮੁਨਾਫਾ ਕਮਾ ਲੈਣਗੇ। ਪਰ ਅਸਲ ਵਿੱਚ ਕੰਪਨੀ ਦੇ ਅਸਾਸੇ ਬਹੁਤ ਥੋੜ੍ਹੇ ਤੇ ਦਿਖਾਏ ਗਏ ਦਾ ਅੰਸ਼ਕ ਹਿੱਸਾ ਸਨ।
ਸ਼ਿਕਾਇਤ ਹੋਣ ਤੋਂ ਬਾਅਦ ਮੁਲਜ਼ਮਾਂ ਦੀ ਨਿਊ ਜਰਸੀ ਤੇ ਨਿਊਯਾਰਕ ਵਿੱਚ ਸਥਿਤ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।