ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਿੱਚ ਵੱਸਣ ਵਾਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਜਾਨਵਰ ਤਕ ਆਖ ਦਿੱਤਾ। ਰਾਸ਼ਟਰਪਤੀ ਨੇ ਅਮਰੀਕਾ ਦੇ ਪ੍ਰਵਾਸ ਨੂੰ ਮਜ਼ਬੂਤ ਕਰਨ ਲਈ ਮੈਕਸੀਕੋ ਤੇ ਕੈਲੀਫੋਰਨੀਆ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਮੌਜੂਦਾ ਪ੍ਰਵਾਸ ਕਾਨੂੰਨਾਂ ਨੂੰ ਕਮਜ਼ੋਰ ਦੱਸਦਿਆਂ ਆਪਣੀ ਭੜਾਸ ਕੱਢੀ।

 

ਟਰੰਪ ਨੇ ਵ੍ਹਾਈਟ ਹਾਊਸ ਵਿੱਚ ਕੈਲੀਫੋਰਨੀਆ ਸੈਂਚੂਰੀ ਸਟੇਟ ਗੋਲਮੇਜ ਬੈਠਕ ਦੌਰਾਨ ਕਿਹਾ ਕਿ ਅਸੀਂ ਉਨ੍ਹਾਂ (ਗ਼ੈਰਕਾਨੂੰਨੀ ਪ੍ਰਵਾਸੀਆਂ) ਨੂੰ ਦੇਸ਼ 'ਚੋਂ ਬਾਹਰ ਕੱਢ ਦਿਆਂਗੇ ਤੇ ਯਕੀਨੀ ਬਣਾਵਾਂਗੇ ਕਿ ਅਜਿਹਾ ਭਵਿੱਖ ਵਿੱਚ ਨਾ ਹੋਵੇ। ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਵਿੱਚ ਜੋ ਵੀ ਆਵੇਗਾ, ਉਹ ਮੈਰਿਟ ਦੇ ਆਧਾਰ 'ਤੇ ਹੀ ਆਵੇਗਾ।

ਪਿਛਲੇ ਮਹੀਨੇ, ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਫ਼ੌਜ ਨੂੰ ਤਾਇਨਾਤ ਕਰਨ ਦੇ ਹੁਕਮ ਦਿੱਤੇ ਸਨ ਤਾਂ ਜੋ ਗ਼ੈਰਕਾਨੂੰਨੀ ਪ੍ਰਵਾਸ ਨੂੰ ਠੱਲ੍ਹ ਪਾਈ ਜਾ ਸਕੇ। ਇਸੇ ਸਰਹੱਦ ਤੋਂ ਅਮਰੀਕਾ ਵਿੱਚ ਬਹੁਤੇ ਲੋਕ ਗ਼ੈਰ-ਕਾਨੂੰਨੀ ਢੰਗਾਂ ਨਾਲ ਅਮਰੀਕਾ ਵਿੱਚ ਦਾਖ਼ਲ ਹੁੰਦੇ ਹਨ। ਵ੍ਹਾਈਟ ਹਾਊਸ ਮੁਤਾਬਕ ਇਸ ਸਰਹੱਦ ਤੋਂ ਤਕਰੀਬਨ ਇੱਕ ਹਜ਼ਾਰ ਲੋਕ ਰੋਜ਼ਾਨਾ ਤੇ 3,00,000 ਲੋਕ ਸਾਲਾਨਾ ਅਮਰੀਕਾ ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋ ਜਾਂਦੇ ਹਨ।

ਟਰੰਪ ਨੇ ਰਾਸ਼ਟਰਪਤੀ ਚੋਣ ਮੌਕੇ ਹੀ ਆਪਣੇ ਚੋਣ ਵਾਅਦਿਆਂ ਵਿੱਚ ਅਮਰੀਕੀ ਚੀਜ਼ਾਂ ਖਰੀਦਣ ਤੇ ਅਮਰੀਕੀ ਲੋਕਾਂ ਨੂੰ ਹੀ ਕੰਮ 'ਤੇ ਰੱਖਣ ਦਾ ਪ੍ਰਚਾਰ ਕੀਤਾ ਸੀ। ਟਰੰਪ ਦੀ ਪ੍ਰਵਾਸ ਕਾਨੂੰਨਾਂ ਵਿੱਚ ਸਖ਼ਤੀ ਵੀ ਇਸੇ ਪ੍ਰਵਾਸ ਨੀਤੀ ਦਾ ਨਤੀਜਾ ਹੈ।