ਸੋਲ: ਉੱਤਰੀ ਕੋਰੀਆ ਨੇ ਅਮਰੀਕਾ ਵਿਚਾਲੇ ਫਿਰ ਖੜਕ ਗਈ ਹੈ। ਉੱਤਰੀ ਕੋਰੀਆ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਕਿਮ ਯੋਂਗ ਉਨ ਦਰਮਿਆਨ ਹੋਣ ਵਾਲੀ ਬਹੁਪੱਖੀ ਸਿਖਰ ਵਾਰਤਾ ਨੂੰ ਰੱਦ ਕਰਨ ਦੀ ਚੇਤਾਵਨੀ ਦਿੱਤੀ ਹੈ। ਉਸ ਤੋਂ ਵੀ ਵੱਡੀ ਖ਼ਬਰ ਇਹ ਹੈ ਕਿ ਉੱਤਰੀ ਕੋਰੀਆ ਨੇ ਅਮਰੀਕਾ ਨਾਲ ਵਪਾਰ ਕਰਨ ਦੀਆਂ ਸੰਭਾਵਨਾਵਾਂ 'ਤੇ ਵੀ ਰੋਕ ਲਾ ਦਿੱਤੀ ਹੈ।
ਡੋਨਲਡ ਟਰੰਪ ਨੇ ਕਿਮ ਯੋਂਗ ਨੂੰ ਵਪਾਰਕ ਰਿਆਇਤਾਂ ਦੇਣ ਬਦਲੇ ਸਾਰੇ ਪਰਮਾਣੂ ਬੰਬ ਨਸ਼ਟ ਕਰਾਉਣ ਦੀ ਸ਼ਰਤ ਰੱਖੀ ਹੈ ਪਰ ਟਰੰਪ ਦੀ ਇਸ ਸ਼ਰਤ ਨੂੰ ਨਾਕਾਰਦਿਆਂ ਉੱਤਰੀ ਕੋਰੀਆ ਨੇ ਕਿਹਾ ਕਿ ਉਹ ਪਰਮਾਣੂ ਜ਼ਖੀਰੇ ਬਦਲੇ ਅਮਰੀਕਾ ਨਾਲ ਕਿਸੇ ਤਰ੍ਹਾਂ ਦਾ ਵਪਾਰਕ ਸਮਝੌਤਾ ਨਹੀਂ ਕਰੇਗਾ।
ਦੱਖਣੀ ਕੋਰੀਆ ਦੀ ਸਮਾਚਾਰ ਏਜੰਸੀ ਯੋਨਹਾਪ ਦੇ ਮੁਤਾਬਕ ਪਿਉਂਗਯਾਂਗ ਨੇ ਅਮਰੀਕਾ ਤੇ ਦੱਖਣੀ ਕੋਰੀਆ ਦੇ ਦਰਮਿਆਨ "ਮੈਕਸ ਥੰਡਰ ਜਵਾਇੰਟ ਮਿਲਟਰੀ ਐਕਸਰਸਾਈਜ਼" ਨੂੰ ਲੈ ਕੇ ਸੋਲ ਦੇ ਨਾਲ ਉੱਚ ਪੱਧਰੀ ਵਾਰਤਾ ਵੀ ਰੱਦ ਕਰ ਦਿੱਤੀ ਹੈ। ਅਜਿਹੇ 'ਚ ਦੇਖਣ ਵਾਲੀ ਗੱਲ ਇਹ ਹੈ ਕਿ ਕਿਮ ਯੋਂਗ ਦੇ ਦੱਖਣੀ ਕੋਰੀਆ ਦੇ ਦੌਰੇ ਜਿਹੀ ਵੱਡੀ ਪਹਿਲ ਤੋਂ ਬਾਅਦ ਸ਼ਾਂਤੀ ਵੱਲ ਵਧਦੇ ਕੋਰੀਆਈ ਦੇਸ਼ਾਂ ਦੇ ਰਿਸ਼ਤੇ ਕਿਹੜਾ ਮੋੜ ਲੈਂਦੇ ਹਨ।
ਹਾਲਾਕਿ ਖ਼ਬਰ ਇਹ ਵੀ ਹੈ ਕਿ ਉੱਤਰੀ ਕੋਰੀਆ ਨੇ ਆਪਣੀ ਜਿਸ ਪਰਮਾਣੂ ਨਿਰੀਖਣ ਸਾਈਟ ਨੂੰ ਨਸ਼ਟ ਕਰਨ ਦਾ ਵਾਅਦਾ ਕੀਤਾ ਸੀ ਉਸ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ।