ਵਾਸ਼ਿੰਗਟਨ: ਅਮਰੀਕਾ 'ਚ ਨਵੰਬਰ 'ਚ ਹੋਣ ਜਾ ਰਹੀਆਂ ਮਿਡ ਟਰਮ ਚੋਣਾਂ ਲਈ 80 ਤੋਂ ਵੱਧ ਭਾਰਤੀ ਮੂਲ ਦੇ ਅਮਰੀਕੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਚੋਣ ਮੈਦਾਨ 'ਚ ਉੱਤਰਨਗੇ। ਇਹ ਜਾਣਕਾਰੀ ਵਾਈਟ ਹਾਊਸ ਦੇ ਸਾਬਕਾ ਅਧਿਕਾਰੀ ਨੇ ਦਿੱਤੀ ਹੈ। ਇਹ ਚੋਣਾਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਸ਼ਨ ਦੇ ਮੱਧ 'ਚ ਹੋਣ ਜਾ ਰਹੀਆਂ ਹਨ।
ਵਾਈਟ ਹਾਊਸ ਦੇ ਸਾਬਕਾ ਅਧਿਕਾਰੀ ਗੌਤਮ ਰਾਘਵਨ ਨੇ ਕਿਹਾ ਕਿ ਇਸ ਵਾਰ ਵੱਡੀ ਗਿਣਤੀ 'ਚ ਭਾਰਤੀ-ਅਮਰੀਕੀ ਚੋਣ ਵਿੱਚ ਹਿੱਸਾ ਲੈ ਰਹੇ ਹਨ। ਇਸ ਤੋਂ ਤਕਰੀਬਨ 6 ਦਹਾਕੇ ਪਹਿਲਾਂ ਦਲੀਪ ਸਿੰਘ ਸੌਂਧ ਅਮਰੀਕਾ ਦੇ ਪਹਿਲੇ ਭਾਰਤੀ ਮੂਲ ਦੇ ਅਮਰੀਕੀ ਪ੍ਰਤੀਨਿਧ ਚੁਣੇ ਗਏ ਸਨ।
ਉਨ੍ਹਾਂ ਕਿਹਾ ਕਿ ਅੱਜ ਨਸਲਵਾਦ, ਹਿੰਸਾ ਤੇ ਘ੍ਰਿਣਾ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ। ਇੱਥੋਂ ਤੱਕ ਕਿ ਇੱਕ ਰਾਸ਼ਟਰੀ ਟੀਵੀ ਚੈਨਲ 'ਤੇ ਅਮਰੀਕਾ ਦੇ ਕੌਂਸਲਰ ਦੇ ਅਹੁਦੇ ਤੇ ਬਿਰਾਜਮਾਨ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਔਰਤ ਦੀ ਨਾਗਰਿਕਤਾ 'ਤੇ ਵੀ ਸਵਾਲ ਉਠਾਏ ਗਏ ਸਨ। ਰਾਘਵਨ ਨੇ ਕਿਹਾ ਕਿ ਅਜਿਹੇ ਹਾਲਾਤ 'ਚ ਭਾਰਤੀ ਭਾਈਚਾਰੇ ਦਾ ਮੈਦਾਨ 'ਚ ਉੱਤਰਨਾ ਲਾਜ਼ਮੀ ਹੋ ਜਾਂਦਾ ਹੈ।