ਨਵੀਂ ਦਿੱਲੀ: ਬੇਂਗਲੁਰੂ ਦੇ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਇਨਫਾਰਮੇਸ਼ਨ ਐਂਡ ਤਕਨਾਲੋਜੀ (IIIT-B) ਦੇ ਵਿਦਿਆਰਥੀ ਆਦਿੱਤਿਆ ਪਾਲੀਵਾਲ ਨੂੰ ਗੂਗਲ ਨੇ 1.2 ਕਰੋੜ ਦਾ ਸਾਲਾਨਾ ਪੈਕੇਜ ਦਿੱਤਾ ਹੈ। 22 ਸਾਲ ਦੇ ਆਦਿੱਤਿਆ (IIIT-B) ਵਿੱਚ ਇੰਟੀਗ੍ਰੇਟਿਡ ਐਮ.ਟੈੱਕ. ਦੇ ਵਿਦਿਆਰਥੀ ਹਨ। ਇਸ ਸਾਲ ਜੁਲਾਈ ਤੋਂ ਗੂਗਲ ਦੇ ਬਣਾਉਟੀ ਸੂਝਬੂਝ (ਆਰਟੀਫਿਸ਼ੀਅਲ ਇੰਟੈਲੀਜੈਂਸ) ਖੋਜ ਵਿਭਾਗ ਵਿੱਚ ਕੰਮ ਕਰਨਗੇ।
ਗੂਗਲ ਨੇ ਬਣਾਉਟੀ ਸੂਝਬੂਝ ਖੋਜ ਕੇਂਦਰ ਪੂਰੀ ਦੁਨੀਆ ਤੋਂ ਤਕਰੀਬਨ 3098 ਯੂਨੀਵਰਸਿਟੀਆਂ ਤੋਂ ਪਹਿਲੇ ਪੜਾਅ 'ਤੇ 50,000 ਵਿਦਿਆਰਥੀਆਂ ਦੀ ਚੋਣ ਤੇ ਦੂਜੇ ਪੜਾਅ 'ਤੇ 6,000 ਵਿਦਿਆਰਥੀਆਂ ਨੂੰ ਚੁਣਦਾ ਹੈ। ਇਸ ਤੋਂ ਬਾਅਦ 50 ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ। ਆਪਣੀ ਕਾਮਯਾਬੀ 'ਤੇ ਆਦਿੱਤਿਆ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਉਸ ਨੂੰ ਗੂਗਲ ਨਾਲ ਕੰਮ ਕਰਦਿਆਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ।
2017-2018 ਵਿੱਚ ਆਦਿੱਤਿਆ ਏਸੀਐਮ ਇੰਟਰਨੈਸ਼ਨਲ ਕਾਲਜੀਏਟ ਪ੍ਰੋਗਰਾਮਿੰਗ ਮੁਕਾਬਲੇ ਦੇ ਫਾਈਨਲਿਸਟ ਵੀ ਰਹੇ ਹਨ। ICPC ਕੰਪਿਊਟਰ ਭਾਸ਼ਾ ਕੋਡਿੰਗ ਦਾ ਸਿਖਰਲਾ ਮੁਕਾਬਲਾ ਮੰਨਿਆ ਜਾਂਦਾ ਹੈ। ਮੂਲ ਰੂਪ ਤੋਂ ਮੁੰਬਈ ਦੇ ਰਹਿਣ ਵਾਲੇ ਆਦਿੱਤਿਆ ਨੂੰ ਖੇਡਾਂ ਵਿੱਚ ਵੀ ਕਾਫੀ ਰੁਚੀ ਹੈ। ਉਹ ਫੁਟਬਾਲ ਤੇ ਕ੍ਰਿਕਟ ਦੇ ਦੀਵਾਨੇ ਹਨ। ਅੱਗੇ ਵੇਖੋ ਆਦਿੱਤਿਆ ਗੂਗਲ ਨਾਲ ਕੀ-ਕੀ ਕਾਰਨਾਮੇ ਕਰਦਾ ਹੈ।