ਮਿਹਰਬਾਨ ਸਿੰਘ
ਚੰਡੀਗੜ੍ਹ: ਹਰ ਇਨਸਾਨ ਦੀ ਜ਼ਿੰਦਗੀ 'ਚ ਸਭ ਤੋਂ ਵੱਧ ਜ਼ਰੂਰੀ ਹੁੰਦਾ ਹੈ ਆਪਣਾ ਮੁਹੱਲਾ, ਆਪਣਾ ਘਰ ਤੇ ਆਪਣੇ ਲੋਕ, ਪਰ ਤੁਹਾਨੂੰ ਹੈਰਾਨੀ ਹੋਵੇਗੀ ਦੁਨੀਆ ਭਰ 'ਚ 7 ਕਰੋੜ ਦੇ ਕਰੀਬ ਅਜਿਹੇ ਲੋਕ ਹਨ ਜੋ ਆਪਣਾ ਘਰ ਬਾਹਰ ਛੱਡ ਕੇ ਦੂਜੇ ਦੇਸ਼ਾਂ ਵਿੱਚ ਪਨਾਹ ਲੈਣ ਲਈ ਮਜ਼ਬੂਰ ਹਨ। ਦਰਅਸਲ ਇਨ੍ਹਾਂ ਸ਼ਰਨਾਰਥੀਆਂ ਨੂੰ ਦੇਸ਼ 'ਚ ਅੱਤਵਾਦ ਤੇ ਲੜਾਈ ਦੇ ਚੱਲਦਿਆਂ ਦੂਜੇ ਦੇਸ਼ਾਂ 'ਚ ਸ਼ਰਨ ਲੈਣੀ ਪੈ ਰਹੀ ਹੈ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆਂ ਭਰ 'ਚ ਫੈਲੇ ਸ਼ਰਨਾਰਥੀਆਂ 'ਚ ਜ਼ਿਆਦਾਤਾਰ ਲੋਕ ਸੀਰਿਆ, ਅਫਗਾਨਿਸਤਾਨ, ਦੱਖਣੀ ਸੁਡਾਨ, ਮਿਆਂਮਾਰ ਤੇ ਸੋਮਾਲੀਆ ਦੇਸ਼ਾਂ ਤੋਂ ਆਏ ਹਨ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਸਾਲ 2018 'ਚ ਹਿਜ਼ਰਤ ਕਰਨ ਵਾਲਿਆਂ ਦੀ ਗਿਣਤੀ 1.3 ਕਰੋੜ ਸੀ। ਇਹ ਅੰਕੜਾ ਸਾਲ 2017 ਦੇ ਮੁਕਾਬਲੇ ਤਕਰੀਬਨ 27 ਲੱਖ ਵੱਧ ਸੀ।
ਦੱਸ ਦਈਏ ਕਿ ਤੁਰਕੀ ਦੁਨੀਆਂ 'ਚ ਸਭ ਤੋਂ ਵੱਧ ਸ਼ਰਨਾਰਥੀਆਂ ਨੂੰ ਪਨਾਹ ਦੇਣ ਵਾਲਾ ਦੇਸ਼ ਹੈ, ਸੀਰੀਆ ਦੀ ਸਰਹੱਦ ਨਾਲ ਲੱਗਦਾ ਹੋਣ ਕਰਕੇ ਤੁਰਕੀ ਹਿਜ਼ਰਤ ਕਰਨ ਵਾਲਿਆਂ ਦਾ ਸਭ ਤੋਂ ਪਹਿਲਾ ਪੜਾਅ ਹੁੰਦਾ ਹੈ। ਇਸ ਤੋਂ ਇਲਾਵਾ ਭੂ-ਮੱਧ ਸਾਗਰ ਰਾਹੀਂ ਦੂਜੇ ਦੇਸ਼ਾਂ 'ਚ ਗੈਰਕਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਲਈ ਵੀ ਸਭ ਤੋਂ ਨਜ਼ਦੀਕ ਤੁਰਕੀ ਹੀ ਹੁੰਦਾ ਹੈ। ਇੱਕ ਅੰਦਾਜ਼ੇ ਮੁਤਾਬਕ ਤੁਰਕੀ ਇਸ ਵੇਲੇ ਤਕਰੀਬਨ 37 ਲੱਖ ਸ਼ਰਨਾਰਥੀ ਮੌਜ਼ੂਦ ਹਨ।
ਪਿਛਲੇ ਦਿਨੀਂ ਸੀਰਿਆ ਤੇ ਤੁਰਕੀ 'ਚ ਹੋਏ ਹਮਲਿਆਂ ਦੌਰਾਨ ਤੁਰਕੀ ਨੇ ਯੂਰਪ ਵਾਲੇ ਪਾਸੇ ਸ਼ਰਨਾਰਥੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸੀ। ਤੁਰਕੀ ਨੇ ਅਪੀਲ ਵੀ ਕੀਤੀ ਸੀ ਕਿ ਯੂਰਪ ਇਨ੍ਹਾਂ ਸ਼ਰਨਾਰਥੀਆਂ ਨੂੰ ਪਨਾਹ ਦੇਵੇ। ਇਹੋ ਜਿਹੀ ਅਪੀਲ ਜਰਮਨੀ ਨੇ ਵੀ ਕੀਤੀ ਸੀ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਇੱਕ ਵਾਰ ਆਪਣਾ ਦੇਸ਼ ਛੱਡਣ ਤੋਂ ਬਾਅਦ ਇਹ ਲੋਕ ਵਾਪਸ ਪਰਤਣ ਦਾ ਹੌਸਲਾ ਨਹੀਂ ਜੁਟਾ ਪਾ ਰਹੇ।
ਯੂਐਨ ਦੇ ਅੰਕੜਿਆਂ ਮੁਤਾਬਕ ਸਾਲ 2017 'ਚ 6, 67,400 ਲੋਕ ਹੀ ਆਪਣੇ ਘਰ ਵਾਪਸ ਮੁੜੇ ਸਨ ਜਦਕਿ ਸਾਲ 2018 'ਚ ਇਹ ਅੰਕੜਾ 5,93,800 ਰਿਹਾ। ਘਰੇਲੂ ਯੁੱਧ ਦੀ ਮਾਰ ਝੱਲ ਰਹੇ ਸੀਰੀਆ ਦੀ ਗੱਲ ਕਰੀਏ ਤਾਂ ਉੱਥੇ ਕੇਵਲ 2,10,000 ਲੋਕ ਹੀ ਵਾਪਸ ਆਪਣੇ ਘਰ ਜਾਣ ਦੀ ਹਿੰਮਤ ਜੁਟਾ ਸਕੇ ਹਨ। ਸ਼ਰਨਾਰਥੀਆਂ ਨੂੰ ਲੈਕੇ ਸਾਹਮਣੇ ਆਈ ਰਿਪੋਰਟ ਮੁਤਾਬਕ ਇਨ੍ਹਾਂ 'ਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਵੱਧ ਹੈ। ਯੂਐਨ ਦੀ ਰਿਪੋਰਟ ਦੇ ਮੁਤਾਬਕ ਸ਼ਰਨਾਰਥੀਆਂ 'ਚ 27, 600 ਉਹ ਬੱਚੇ ਹਨ ਜਿਨ੍ਹਾਂ ਨੇ ਆਪਣੇ ਪਰਿਵਾਰ ਨਾਲੋਂ ਵਿਛੜ ਕੇ ਦੂਜੇ ਦੇਸ਼ਾਂ 'ਚ ਸ਼ਰਨ ਲਈ ਹੈ।
ਅਜਿਹੇ ਬੱਚਿਆਂ 'ਤੇ ਮਨੁੱਖੀ ਤਸਕਰੀ ਕਰਨ ਵਾਲੇ ਗਰੋਹ ਵੀ ਨਜ਼ਰਾਂ ਗੱਡੀ ਰੱਖਦੇ ਹਨ ਤੇ ਜਰਮਨੀ ਇਸ ਮਾਮਲੇ 'ਚ ਕਾਫੀ ਬਦਨਾਮ ਦੇਸ਼ ਹੈ। ਇਨ੍ਹਾਂ ਹੀ ਨਹੀ ਇਸ ਤਰ੍ਹਾਂ ਦਾ ਆਰਗੇਨਾਈਜ ਕ੍ਰਾਈਮ ਕਰਨ ਦੇ ਮਾਮਲੇ 'ਚ ਜਰਮਨੀ ਪੂਰਬੀ ਯੂਰਪ ਦੇ ਦੇਸ਼ਾਂ 'ਚੋਂ ਸਭ ਤੋਂ ਅੱਗੇ ਹੈ। ਰੂਸ ਦੇ ਟੁੱਟਣ ਵੇਲੇ 1997 'ਚ ਇੱਥੇ ਕਰੀਬ 175,00 ਔਰਤਾਂ ਨੂੰ ਦੇਹ ਵਪਾਰ ਦੇ ਧੰਦੇ ਲਈ ਵੇਚਿਆ ਗਿਆ ਸੀ।
ਯੂਐਨ ਦੀ ਰਿਪੋਰਟ ਅਨੁਸਾਰ ਹਰ ਸਾਲ ਤਕਰੀਬਨ 40 ਲੱਖ ਲੋਕਾਂ ਨੂੰ ਉਹਨਾਂ ਦੀ ਇੱਛਾ ਦੇ ਖਿਲਾਫ਼ ਦੂਜੇ ਧੰਦਿਆਂ ਲਈ ਵੇਚਿਆ ਜਾਂਦਾ ਹੈ ਜਿਨ੍ਹਾਂ 'ਚ ਜ਼ਿਆਦਾਤਾਰ ਘੱਟ ਉਮਰ ਦੀਆਂ ਔਰਤਾਂ ਹੁੰਦੀਆਂ ਹਨ। ਇਸ ਖੌਫਨਾਕ ਸਚਾਈ ਨੂੰ ਧਿਆਨ 'ਚ ਰੱਖਦੇ ਹੋਏ ਜਰਮਨੀ ਨੇ ਆਪਣੀਆਂ ਨੀਤੀਆਂ ਵਿੱਚ ਬਦਲਾਅ ਕਰਦਿਆਂ ਇਹੋ ਜਿਹੇ 1500 ਬੱਚਿਆਂ ਨੂੰ ਸ਼ਰਨ ਦੇਣ ਦੀ ਘੋਸ਼ਣਾ ਕੀਤੀ ਹੈ ਜੋ ਆਪਣੇ ਪਰਿਵਾਰਾਂ 'ਤੋਂ ਵਿਛੜਕੇ ਆਏ ਹਨ। ਜਰਮਨੀ ਨੇ ਬਾਕੀ ਦੇਸ਼ਾਂ ਨੂੰ ਵੀ ਅਜਿਹੇ ਬੱਚਿਆਂ ਨੂੰ ਸ਼ਰਨ ਦੇਣ ਦੀ ਅਪੀਲ ਕੀਤੀ ਹੈ।
ਪਾਠਕਾਂ ਨੂੰ ਦੱਸ ਦਈਏ ਕਿ ਗਰੀਸ ਦੇ ਟਾਪੂਆਂ 'ਤੇ ਹਜ਼ਾਰਾਂ ਦੀ ਗਿਣਤੀ 'ਚ ਉਹ ਸ਼ਰਨਾਰਥੀ ਮੌਜੂਦ ਹਨ ਜੋ ਸੀਰਿਆ ਸਮੇਤ ਦੂਜੇ ਦੇਸ਼ਾਂ 'ਚੋਂ ਕਿਸ਼ਤੀਆਂ ਭਰਕੇ ਆਏ ਹਨ। ਪਿਛਲੇ ਦਿਨੀ ਗਰੀਸ ਦੀ ਸਰਹੱਦ 'ਤੇ ਇਨ੍ਹਾਂ ਸ਼ਰਨਾਰਥੀਆਂ ਦੀ ਸੁਰੱਖਿਆ ਕਰਮੀਆਂ ਨਾਲ ਝੜਪ ਵੀ ਹੋਈ ਸੀ।