ਚੰਡੀਗੜ੍ਹ: ਕੁਵੈਤ ਵਿੱਚ ਭਾਰਤੀਆਂ ਦੇ ਫਸੇ ਹੋਣ ਦੀ ਖ਼ਬਰ ਅਕਸਰ ਆਉਂਦੀ ਰਹਿੰਦੀ ਹੈ। ਜਦੋਂ ਵੀ ਕੋਈ ਅਜਿਹੀ ਖ਼ਬਰ ਮੀਡੀਆ ਵਿੱਚ ਆਉਂਦੀ ਹੈ ਤਾਂ ਸਰਕਾਰ ਤੇ ਭਾਰਤੀ ਸਫ਼ਾਰਤਖ਼ਾਨੇ ਇਹ ਦਾਅਵਾ ਕਰਦੇ ਹਨ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢ ਲਿਆਂਦਾ ਪਰ ਅਸਲੀਅਤ ਕੀ ਹੈ, ਇਹ ਤਾਂ ਉਹੀ ਜਾਣਦੇ ਹਨ ਜੋ ਪਿਛਲੇ ਛੇ ਮਹੀਨਿਆਂ ਤੋਂ ਇਰਾਕ ਵਿੱਚ ਭਾਰਤੀ ਸਫ਼ਾਰਤਖ਼ਾਨਿਆਂ ਦੇ ਚੱਕਰ ਕੱਟ ਰਹੇ ਹਨ।
ਕੁਵੈਤ ਤੋਂ 'ਏਬੀਪੀ ਸਾਂਝਾ' ਨੂੰ ਉੱਥੇ ਫਸੇ ਕਈ ਲੋਕਾਂ ਨੇ ਇੰਟਰਨੈੱਟ ਰਾਹੀਂ ਇਹ ਦੱਸਿਆ ਕਿ ਤਕਰੀਬਨ ਪਿਛਲੇ ਇੱਕ ਸਾਲ ਤੋਂ ਉਨ੍ਹਾਂ ਨੂੰ ਕੰਪਨੀਆਂ ਤਨਖ਼ਾਹ ਨਹੀਂ ਦੇ ਰਹੀਆਂ। ਇੱਕ ਵਿਅਕਤੀ ਨੇ ਦੱਸਿਆ ਕਿ ਖ਼ਰਾਫ਼ੀ ਨੈਸ਼ਨਲ ਕੰਪਨੀ ਨਾਲ ਕੰਮ ਕਰਦੇ ਹੋਏ ਉਸ ਨੂੰ ਕਾਫੀ ਸਮਾਂ ਹੋ ਗਿਆ ਹੈ। ਪਿਛਲੇ ਇੱਕ ਸਾਲ ਤੋਂ ਉਸ ਨੂੰ ਤਨਖ਼ਾਹ ਨਹੀਂ ਮਿਲੀ ਤੇ ਕੰਪਨੀ ਨੂੰ ਤਿਆਗ ਪੱਤਰ ਦੇਣ ਤੋਂ ਬਾਅਦ ਵੀ ਛੇ ਮਹੀਨੇ ਬੀਤ ਗਏ ਹਨ, ਉਨ੍ਹਾਂ ਦਾ ਹਿਸਾਬ ਨਹੀਂ ਕੀਤਾ ਗਿਆ।
ਉੱਥੇ ਫਸੇ ਲੋਕਾਂ ਨੇ ਦੱਸਿਆ ਕਿ ਕੰਪਨੀ ਤੋਂ ਤਕਰੀਬਨ 800 ਲੋਕਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 6 ਮਹੀਨਿਆਂ ਤੋਂ ਕੰਪਨੀ ਕੋਲੋਂ ਆਪਣੇ ਪੈਸੇ ਲੈਣ ਲਈ ਭਾਰਤੀ ਸਫ਼ਾਰਤਖ਼ਾਨੇ ਜਾ ਰਹੇ ਹਨ ਪਰ ਹਰ ਵਾਰ ਅੰਬੈਸੀ ਅਧਿਕਾਰੀ ਕੰਪਨੀ ਨਾਲ ਬੈਠਕ ਕਰਨ ਦਾ ਲਾਰਾ ਲਾ ਕੇ ਉਨ੍ਹਾਂ ਨੂੰ ਇੰਤਜ਼ਾਰ ਕਰਨ ਲਈ ਕਹਿ ਦਿੰਦੇ ਹਨ।
ਇਨ੍ਹਾਂ ਭਾਰਤੀਆਂ ਦੀ ਹਾਲਤ ਬਹੁਤ ਪਤਲੀ ਹੋ ਗਈ ਹੈ। ਉਨ੍ਹਾਂ ਨੂੰ ਕੁਵੈਤ ਵਿੱਚ ਵਾਧੂ ਸਮਾਂ ਰੁਕਣ ਕਾਰਨ 200 ਦਿਨਾਰ ਜ਼ੁਰਮਾਨਾ ਵੀ ਲਾ ਦਿੱਤਾ ਗਿਆ ਹੈ। ਵਾਧੂ ਸਮਾਂ ਰਹਿਣ ਕਾਰਨ ਉਨ੍ਹਾਂ ਕੋਲੋਂ ਸਿਹਤ ਸੁਵਿਧਾਵਾਂ ਖੋਹ ਲਈਆਂ ਗਈਆਂ ਹਨ ਤੇ ਬਿਨਾਂ ਪੈਸਿਆਂ ਤੋਂ ਇਹ ਨਾ ਕੋਈ ਦਵਾਈ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਵੀ ਆਰਥਿਕ ਤੰਗੀ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਮਸਲੇ ਦਾ ਹੱਲ ਛੇਤੀ ਕਰਵਾਇਆ ਜਾਵੇ।