ਸਾਓ ਪਾਓਲੋ: ਸੋਮਵਾਰ ਨੂੰ ਗੋਇਆਸ ਸਟੇਟ ਦੀ ਜੇਲ੍ਹ ਵਿੱਚ ਦੋ ਵਿਰੋਧੀ ਗੁਟਾਂ ਵਿੱਚ ਹੋਈ ਝੜਪ ਵਿੱਚ ਨੌਂ ਕੈਦੀ ਮਾਰੇ ਗਏ ਜਦਕਿ 14 ਹੋਰ ਜ਼ਖ਼ਮੀ ਹੋ ਗਏ।ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਅਪੈਰੇਸਿਡਾ ਡੀ ਗੋਇਆਨੀਆ ਕਾਂਪਲੈਕਸ ਵਿੱਚ ਕੋਲੋਨੀਆ ਐਗਰੋਇੰਡਸਟਰੀਅਲ ਜੇਲ੍ਹ ਵਿੱਚ ਉਦੋਂ ਹਿੰਸਾ ਸ਼ੁਰੂ ਹੋਈ ਜਦੋਂ ਇੱਕ ਸੈੱਲਬਲਾਕ ਦੇ ਕੈਦੀਆਂ ਨੇ ਤਿੰਨ ਹੋਰਨਾਂ ਸੈੱਲਜ਼ ਉੱਤੇ ਹਮਲਾ ਬੋਲ ਦਿੱਤਾ ਜਿੱਥੇ ਵਿਰੋਧੀ ਗੈਂਗ ਦੇ ਕੈਦੀ ਬੰਦ ਸਨ। ਹਮਲਾਵਰਾਂ ਨੇ ਕੌਰੀਡੋਰਜ਼ ਵਿੱਚ ਦਾਖਲ ਹੁੰਦਿਆਂ ਸਾਰ ਗੱਦਿਆਂ ਨੂੰ ਅੱਗ ਲਗਾ ਦਿੱਤੀ ਤੇ ਫਿਰ ਮਾਰੇ ਗਏ ਕੈਦੀਆਂ ਦੀਆਂ ਲਾਸ਼ਾਂ ਨੂੰ ਵੀ ਅੱਗ ਲਗਾ ਦਿੱਤੀ ਗਈ। ਪਰ ਬਾਅਦ ਵਿੱਚ ਫਾਇਰਫਾਈਟਰਜ਼ ਅੱਗ ਉੱਤੇ ਕਾਬੂ ਪਾਉਣ ਵਿੱਚ ਕਾਮਯਾਬ ਰਹੇ।

ਅਧਿਕਾਰੀਆਂ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਪਰ ਇਹ ਵੀ ਆਖਿਆ ਕਿ ਅਜੇ ਕਿਸੇ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਸਥਾਨਕ ਮੀਡੀਆ ਅਨੁਸਾਰ 106 ਕੈਦੀ ਇਨ੍ਹਾਂ ਦੰਗਿਆਂ ਦੌਰਾਨ ਬਚ ਨਿਕਲਣ ਵਿੱਚ ਕਾਮਯਾਬ ਰਹੇ। ਪਰ ਇਨ੍ਹਾਂ ਵਿੱਚੋਂ 29 ਨੂੰ ਮੁੜ ਫੜ੍ਹ ਲਿਆ ਗਿਆ। ਇਹ ਵੀ ਰਿਪੋਰਟਾਂ ਮਿਲੀਆਂ ਹਨ ਕਿ 127 ਹੋਰ ਕੈਦੀ ਵੀ ਜੇਲ੍ਹ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਸਨ ਪਰ ਬਾਅਦ ਵਿੱਚ ਉਹ ਆਪਣੇ ਆਪ ਹੀ ਵਾਪਿਸ ਆ ਗਏ। ਇਸ ਹਿੰਸਕ ਕਾਰਵਾਈ ਤੋਂ ਦੋ ਘੰਟੇ ਬਾਅਦ ਫੌਜ ਦੀ ਪੁਲਿਸ ਦੀ ਮਦਦ ਨਾਲ ਜੇਲ੍ਹ ਅਧਿਕਾਰੀ ਜੇਲ੍ਹ ਉੱਤੇ ਮੁੜ ਨਿਯੰਤਰਣ ਕਰਨ ਵਿੱਚ ਸਫਲ ਰਹੇ।