ਟੋਰਾਂਟੋ: ਕਨੈਡਾ ਵਿੱਚ ਮੌਸਮ ਮਾਹਰਾਂ ਮੁਤਾਬਕ ਸਾਲ 1960 ਤੋਂ ਬਾਅਦ ਪਹਿਲੀ ਵਾਰ ਕੜਾਕੇ ਦੀ ਸਰਦੀ ਪੈ ਰਹੀ ਹੈ। ਠੰਢ ਦਾ ਅਜਿਹਾ ਕਹਿਰ ਵਰ੍ਹ ਰਿਹਾ ਹੈ ਕਿ ਹੁਣ ਝਰਨੇ ਵੀ ਜੰਮਣ ਲੱਗੇ ਹਨ। ਨਿਆਗਰਾ ਸਥਿਤ ਦੁਨੀਆ ਭਰ ਦੇ ਲੋਕਾਂ ਦੀ ਖਿੱਚ ਵਾਲੇ ਝਰਨੇ ਦੇ ਇੱਕ ਵੱਡੇ ਹਿੱਸੇ ਦਾ ਪਾਣੀ ਜੰਮ ਗਿਆ ਹੈ। ਇਹ ਝਰਨਾ ਉਂਟਾਰੀਓ (ਕੈਨੇਡਾ) ਤੇ ਨਿਊਯਾਰਕ (ਅਮਰੀਕਾ) ਦੀ ਸਰਹੱਦ ਵਿਚਾਲੇ ਦੋਵਾਂ ਦੇਸ਼ਾਂ ਵਿੱਚ ਪੈਂਦਾ ਹੈ।

ਖਿੱਤੇ ਵਿੱਚ ਤਾਪਮਾਨ ਮਨਫ਼ੀ 30 ਡਿਗਰੀ ਦੇ ਆਸ-ਪਾਸ ਹੈ ਤੇ ਸੀਤ ਲਹਿਰ ਵਗਣ ਨਾਲ ਚੁਫੇਰੇ ਸਖ਼ਤ ਬਰਫ਼ ਦੀ ਚਾਦਰ ਵਿਛੀ ਦਿੱਸਦੀ ਹੈ। ਕੈਨੇਡਾ ਹੀ ਨਹੀਂ ਸਰਹੱਦ ਦੇ ਦੂਸਰੇ ਪਾਸੇ ਨਜ਼ਰ ਮਾਰੀਏ ਤਾਂ ਅਮਰੀਕਾ ਵਾਲੇ ਪਾਸੇ ਵੀ ਝਰਨੇ ਦਾ ਪਾਣੀ ਬਰਫ਼ ਦਾ ਰੂਪ ਧਾਰ ਗਿਆ ਨਜ਼ਰੀਂ ਪੈਂਦਾ ਹੈ।

ਕੜਾਕੇ ਦੀ ਸਰਦੀ ਕਾਰਨ ਇਨ੍ਹੀਂ ਦਿਨੀਂ ਨਿਆਗਰਾ ਫਾਲਜ਼ 'ਤੇ ਸੈਲਾਨੀਆਂ ਦੀ ਗਿਣਤੀ ਘਟੀ ਹੋਈ ਹੈ ਤੇ ਜੋ ਲੋਕ ਉੱਥੇ ਗਏ ਹਨ, ਉਨ੍ਹਾਂ ਵਿੱਚੋਂ ਵੀ ਬਹੁਤ ਸਾਰੇ ਆਪਣੇ ਹੋਟਲਾਂ ਦੇ ਕਮਰਿਆਂ ਅੰਦਰੋਂ ਹੀ ਨਿਆਗਰਾ ਫਾਲਜ਼ ਨੂੰ ਦੇਖਣ ਤੱਕ ਸੀਮਤ ਰਹਿ ਰਹੇ ਹਨ।