ਤਹਿਰਾਨ: ਇਰਾਨ ਵਿੱਚ ਰੋਸ ਪ੍ਰਦਰਸ਼ਨਾਂ ਦੌਰਾਨ 12 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਪ੍ਰਦਰਸ਼ਨ ਦੇਸ਼ ਦੇ ਮਾੜੇ ਆਰਥਿਕ ਹਾਲਤਾਂ ਖਿਲਾਫ ਸਨ। ਸਰਕਾਰੀ ਟੀਵੀ ਮੁਤਾਬਕ 10 ਲੋਕਾਂ ਦੀ ਬੀਤੀ ਰਾਤ ਝੜਪਾਂ ਦੌਰਾਨ ਮੌਤ ਹੋ ਗਈ ਜਦਕਿ ਦੋ ਜਣੇ ਪੱਛਮੀ ਇਰਾਨ ਵਿੱਚ ਪ੍ਰਦਰਸ਼ਨਾਂ ਮੌਕੇ ਮਾਰੇ ਗਏ।

ਮੀਡੀਆ ਮੁਤਾਬਕ ਹਥਿਆਰਬੰਦ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਸਟੇਸ਼ਨਾਂ ਤੇ ਫ਼ੌਜੀ ਅੱਡਿਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਰਾਸ਼ਟਰਪਤੀ ਹਸਨ ਰੂਹਾਨੀ ਵੱਲੋਂ ਅਮਨ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।ਪਿਛਲੇ ਚਾਰ ਦਿਨਾਂ ਤੋਂ ਮੁਲਕ ਭਰ ਵਿੱਚ ਜਾਰੀ ਪ੍ਰਦਰਸ਼ਨਾਂ ਦੌਰਾਨ ਹੁਣ ਤਕ ਚਾਰ ਸੌ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਦੂਜੇ ਪਾਸੇ ਅਮਰੀਕਾ ਨੇ ਇਨ੍ਹਾਂ ਰੋਸ ਪ੍ਰਦਰਸ਼ਨਾਂ ਸਹੀ ਠਹਿਰਾਇਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਮੁਜ਼ਾਹਰੇ ਇਸ ਗੱਲ ਦਾ ਸੰਕੇਤ ਹਨ ਕਿ ਲੋਕ ਹੁਣ ਸਿਆਣੇ ਹੋ ਗਏ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਪੈਸੇ ਤੇ ਸੰਪਤੀ ਦੀ ਚੋਰੀ ਕਰਕੇ ਇਸ ਨੂੰ ਅਤਿਵਾਦ ’ਤੇ ਲੁਟਾਇਆ ਜਾ ਰਿਹਾ।