ਤਾਬੁਰ: ਇਨ੍ਹੀਂ ਦਿਨੀਂ ਪਾਕਿਸਤਾਨ ‘ਚ ਇੱਕ ਮੱਕੀ ਦੇ ਫੁੱਲੇ (ਪੌਪਕੋਨ) ਵੇਚਣ ਵਾਲੇ ਦੀ ਖੂਬ ਚਰਚਾ ਹੋ ਰਹੀ ਹੈ। ਉਸ ਦੇ ਸੁਰਖੀਆਂ ‘ਚ ਆਉਣ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਪਾਕਿਸਤਾਨੀ ਏਅਰਫੋਰਸ ਵੀ ਉਸ ਦੀਆਂ ਖੂਬ ਤਾਰੀਫਾਂ ਕਰ ਰਹੀ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮੁਹੰਮਦ ਫਿਆਜ਼ ਦੀ ਜਿਸ ਨੇ ਖੁਦ ਲਈ ਜਹਾਜ਼ ਬਣਾਇਆ ਹੈ ਤੇ ਉਹ ਵੀ ਮਾਮੂਲੀ ਚੀਜ਼ਾਂ ਨਾਲ।
ਫਿਆਜ਼ ਨੇ ਹਾਈ-ਫਾਈ ਚੀਜ਼ਾਂ ਨਹੀਂ ਸਗੋਂ ਰੋਡ ਕਟਰ ਦੇ ਇੰਜਨ ਤੇ ਰਿਕਸ਼ੇ ਦੇ ਟਾਇਰਾਂ ਨਾਲ ਜਹਾਜ਼ ਬਣਾਉਣ ਦਾ ਕਾਰਨਾਮਾ ਕੀਤਾ ਹੈ। ਫਿਆਜ਼ ਆਮ ਜਿਹਾ ਇਨਸਾਨ ਹੈ ਜਿਸ ਦੀ ਸਿੱਖਿਆ ਵੀ ਨਾ ਦੇ ਬਰਾਬਰ ਹੀ ਹੈ ਪਰ ਉਹ ਮੌਕਿਆਂ ਲਈ ਸੰਘਰਸ਼ ਕਰਦਾ ਹੈ। ਇਸੇ ਕਰਕੇ ਉਸ ਨੇ ਪਾਕਿਸਤਾਨੀ ਆਵਾਮ ਦਾ ਦਿਲ ਜਿੱਤ ਲਿਆ ਹੈ।
ਆਨਲਾਈਨ ਬਲੂਪ੍ਰਿੰਟ ਤੇ ਟੀਵੀ ‘ਚ ਵੀਡੀਓ ਦੇਖ ਜਹਾਜ਼ ਨੂੰ ਬਣਾਉਣ ਵਾਲੇ ਫਿਆਜ਼ ਦਾ ਕਹਿਣਾ ਹੈ, “ਜਦੋਂ ਮੈਂ ਆਪਣਾ ਬਣਾਇਆ ਹੋਇਆ ਜਹਾਜ਼ ਪਹਿਲੀ ਵਾਰ ਉਡਾਇਆ ਤਾਂ ਮੈਂ ਸੱਚ ‘ਚ ਹੀ ਹਵਾ ‘ਚ ਉੱਡ ਰਿਹਾ ਸੀ। ਇਸ ਤੋਂ ਇਲਾਵਾ ਮੈਨੂੰ ਕੁਝ ਮਹਿਸੂਸ ਨਹੀਂ ਹੋਇਆ।”
ਫਿਆਜ਼ ਦਾ ਦਾਅਵਾ ਹੈ ਕਿ ਉਸ ਨੇ ਜਹਾਜ਼ ਉਡਾਇਆ ਤੇ ਏਅਰਫੋਰਸ ਨੇ ਉਸ ਦੇ ਦਾਅਵੇ ਨੂੰ ਗੰਭੀਰਤਾ ਨਾਲ ਵੀ ਲਿਆ ਹੈ। ਉਸ ਮੁਤਾਬਕ ਏਅਰ ਫੋਰਸ ਦੇ ਲੋਕ ਕਈ ਵਾਰ ਉਸ ਨੂੰ ਮਿਲਣ ਆ ਚੁੱਕੇ ਹਨ। ਉਸ ਦੇ ਕੰਮ ਦੀ ਸਰਾਹਨਾ ਕਰਦੇ ਹੋਏ ਉਸ ਨੂੰ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ।