ਪੜਚੋਲ ਕਰੋ
ਕੈਨੇਡਾ ਤੋਂ 'ਆਪ' ਵਿਧਾਇਕਾਂ ਨੂੰ ਇਸ ਲਈ ਮੋੜਿਆ 'ਬੇਰੰਗ', ਲੀਡਰਾਂ ਨੇ ਖੁਦ ਕੀਤਾ ਖੁਲਾਸਾ

ਫ਼ਾਈਲ ਤਸਵੀਰ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਕੈਨੇਡਾ ਵਿੱਚ ਦਾਖ਼ਲਾ ਨਾ ਮਿਲਣ ਤੋਂ ਬਾਅਦ ਭਾਰਤ ਪਰਤ ਚੁੱਕੇ ਹਨ। ਦੋਵਾਂ ਵਿਧਾਇਕਾਂ ਨੇ ਦਿੱਲੀ ਆ ਕੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਜਾਣਕਾਰੀ ਦਾ ਸਹੀ ਮੇਲ ਨਾ ਹੋਣ ਕਾਰਨ ਉਨ੍ਹਾਂ ਨੂੰ ਕੈਨੇਡਾ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਕਿਉਂ ਕੀਤਾ ਡੀਪੋਰਟ- ਅਮਰਜੀਤ ਸਿੰਘ ਸੰਦੋਆ ਤੇ ਕੁਲਤਾਰ ਸੰਧਵਾਂ ਨੇ ਦੱਸਿਆ ਕਿ ਦੋਵਾਂ ਤੋਂ ਕੈਨੇਡਾਈ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਉਹ ਕੈਨੇਡਾ ਵਿੱਚ ਪਰਿਵਾਰਕ ਮਿਲਣੀ ਲਈ ਗਏ ਸਨ ਪਰ ਉੱਥੇ ਉਨ੍ਹਾਂ ਕੁਝ ਸਿਆਸੀ ਬੈਠਕਾਂ ਵੀ ਕਰਨੀਆਂ ਸਨ, ਜਿਸ ਦੇ ਵੇਰਵੇ ਨਹੀਂ ਦਿੱਤੇ ਗਏ ਸੀ। ਸੰਦੋਆ ਤੋਂ ਅਧਿਕਾਰੀਆਂ ਨੇ ਇਹ ਵੀ ਪੁੱਛਿਆ ਕਿ ਉਨ੍ਹਾਂ ਦੇ ਬੱਚੇ ਕਿਉਂ ਨਹੀਂ ਆਏ ਜਦ ਉਹ ਪਰਿਵਾਰਕ ਮਿਲਣੀ ਲਈ ਆਏ ਹਨ, ਤਾਂ ਸੰਦੋਆ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੇ ਸਕੂਲ ਸ਼ੁਰੂ ਹੋ ਗਏ ਸਨ ਪਰ ਇਸ ਜਵਾਬ ਨਾਲ ਅਧਿਕਾਰੀ ਸੰਤੁਸ਼ਟ ਨਹੀਂ ਹੋਏ ਤੇ ਕੈਨੇਡਾ ਦਾਖ਼ਲ ਹੋਣ ਦੀ ਆਗਿਆ ਨਾ ਦਿੱਤੀ। ਐਮਐਲਏ ਦੀ ਸ਼ਿਕਾਇਤ ਕਰਨ ਵਾਲਾ ਆਇਆ ਸਾਹਮਣੇ- ਉੱਧਰ, ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਲੰਟੀਅਰ ਹੋਣ ਦਾ ਦਾਅਵਾ ਕਰ ਰਹੇ ਡਾ. ਅਮਨਦੀਪ ਸਿੰਘ ਬੈਂਸ ਦਾ ਕਹਿਣਾ ਹੈ ਕਿ ਜਦ ਉਨ੍ਹਾਂ ਨੂੰ ਸੰਦੋਆ ਦੀ ਕੈਨੇਡਾ ਫੇਰੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਤੇ ਕੈਨੇਡਾ ਦੇ ਪ੍ਰਵਾਸ ਮੰਤਰੀ ਅਹਿਮਦ ਹੁਸੈਨ ਨੂੰ ਕਈ ਈ-ਮੇਲ ਕੀਤੀਆਂ ਤੇ ਸੰਦੋਆ ਦੇ ਕੇਸਾਂ ਬਾਰੇ ਦੱਸਿਆ। ਆਨਲਾਈਨ ਪੋਰਟਲ ਦੇ ਪ੍ਰਿੰਟ ਮੁਤਾਬਕ ਲੁਧਿਆਣਾ ਵਿੱਚ ਰਹਿੰਦੇ ਦੰਦਾਂ ਦੇ ਡਾਕਟਰ ਅਮਨਦੀਪ ਸਿੰਘ ਬੈਂਸ ਨੇ ਕੈਨੇਡਾਈ ਅਧਿਕਾਰੀਆਂ ਦਾ ਉਨ੍ਹਾਂ ਦੀ ਸ਼ਿਕਾਇਤ 'ਤੇ ਛੇਤੀ ਕਾਰਵਾਈ ਕਰਨ ਲਈ ਧੰਨਵਾਦ ਵੀ ਕੀਤਾ। ਇੰਮੀਗ੍ਰੇਸ਼ਨ ਅਧਿਕਾਰੀਆਂ ਨਹੀਂ ਇਸ ਏਜੰਸੀ ਨੇ ਰੋਕੇ ਵਿਧਾਇਕ- ਜ਼ਿਕਰਯੋਗ ਹੈ ਕਿ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਨਹੀਂ ਬਲਕਿ ਕੈਨੇਡੀਅਨ ਬਾਰਡਰ ਸਰਵਿਸ ਵੱਲੋਂ ਰੋਕਿਆ ਗਿਆ ਸੀ। ਉੱਡਦੀ ਖ਼ਬਰ ਇਹ ਵੀ ਹੈ ਕਿ ਸੰਧਵਾਂ, ਜੋ ਆਪਣੇ ਤੱਤੇ ਸੁਭਾਅ ਲਈ ਜਾਣੇ ਜਾਂਦੇ ਹਨ, ਕੈਨੇਡੀਅਨ ਅਧਿਕਾਰੀਆਂ ਨਾਲ ਸਵਾਲ-ਜਵਾਬ ਦੌਰਾਨ ਖਹਿਬੜ ਪਏ। ਇਸ ਉਨ੍ਹਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ। ਅੱਗੋਂ ਆਉਣ 'ਤੇ ਕੈਨੇਡੀਅਨ ਅਧਿਕਾਰੀਆਂ ਨੇ ਕੀ ਕਿਹਾ- ਹਾਲਾਂਕਿ, ਦੋਵਾਂ ਵਿਧਾਇਕਾਂ ਨੇ ਦਾਅਵਾ ਕੀਤਾ ਕਿ ਕੈਨੇਡਾਈ ਅਧਿਕਾਰੀਆਂ ਨੇ ਉਨ੍ਹਾਂ ਨੂੰ ਅੱਗੇ ਤੋਂ ਸਹੀ ਜਾਣਕਾਰੀ ਦੇ ਕੇ ਆਉਣ ਦੀ ਤਾਕੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਿਆਸੀ ਮੀਟਿੰਗਾਂ ਦੇ ਨਾਲ-ਨਾਲ ਸਾਰੇ ਲੋਕਾਂ ਦੀ ਪੂਰੀ ਤੇ ਸਹੀ ਜਾਣਕਾਰੀ ਕੈਨੇਡਾ ਨੂੰ ਪਹਿਲਾਂ ਹੀ ਦੇ ਕੇ ਜਾਣਗੇ। ਦੋਵਾਂ ਦੇ ਪਾਸਪੋਰਟ 'ਤੇ ਡਿਪੋਰਟ ਸਬੰਧੀ ਵੀ ਕੋਈ ਜਾਣਕਾਰੀ ਨਹੀਂ ਛਾਪੀ ਹੈ ਤੇ ਦੋਵਾਂ ਦਾ ਵੀਜ਼ਾ ਵੀ ਯੋਗ ਹੈ। MLA ਕੀ ਕਰਨ ਗਏ ਸੀ ਕੈਨੇਡਾ- ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੋਹਾਂ ਵਿੱਚੋਂ ਕਿਸੇ ਇੱਕ ਵਿਧਾਇਕ ਦੀ ਭੈਣ ਓਟਾਵਾ ਵਿੱਚ ਰਹਿੰਦੀ ਹੈ ਤੇ ਦੋਵੇਂ ਉਸ ਕੋਲ ਆਏ ਸਨ, ਪਰ ਕੈਨੇਡਾ ਵਿੱਚ ਦਾਖ਼ਲਾ ਨਾ ਮਿਲਣ ਕਰਕੇ ਵਾਪਸ ਜਾਣਾ ਪਿਆ। ਭਾਵੇਂ ਕਿ ਉਨ੍ਹਾਂ ਦੀ ਭੈਣ ਨੇ ਬਰੈਂਪਟਨ ਤੋਂ ਇੱਕ ਮਹਿਲਾ ਮੈਂਬਰ ਪਾਰਲੀਮੈਂਟ ਤੇ ਮਿਸੀਸਾਗਾ ਦੇ ਇੱਕ ਐਮਪੀ ਕੋਲ ਵੀ ਮਦਦ ਦੀ ਗੁਹਾਰ ਲਗਾਈ ਪਰ ਕੁਝ ਵੀ ਕਾਰਗਰ ਸਾਬਤ ਨਾ ਹੋਇਆ। ਅੜਿੱਚਣ ਬਣਿਆ ਸੰਦੋਆ ਦਾ ਪਿਛੋਕੜ? ਸੰਦੋਆ ਵਿਰੁੱਧ ਅਕਤੂਬਰ 2016 ਵਿੱਚ ਰੂਪਨਗਰ ਸਥਿਤ ਆਪਣਾ ਘਰ ਕਿਰਾਏ 'ਤੇ ਦੇਣ ਵਾਲੀ ਤਰਮਿੰਦਰ ਕੌਰ ਨੇ ਪਿਛਲੇ ਸਾਲ ਜੁਲਾਈ ਵਿੱਚ ਸ਼ਿਕਾਇਤ ਦਿੱਤੀ ਸੀ। ਰੂਪਨਗਰ ਦੀ ਅਦਾਲਤ ਨੇ ਕੁਝ ਦਿਨ ਪਹਿਲਾਂ ਹੀ ਸੰਦੋਆ 'ਤੇ ਔਰਤ ਨਾਲ ਧੱਕਾਮੁੱਕੀ ਕਰਨ ਤੇ ਅਪਰਾਧਿਕ ਮਨਸ਼ਾ ਰੱਖਣ ਦੀਆਂ ਧਾਰਾਵਾਂ ਲਗਾਈਆਂ ਸਨ। ਫਿਲਹਾਲ ਇਸ ਮਾਮਲੇ ਵਿੱਚ ਅੰਤਮ ਬਹਿਸ ਹੋਣੀ ਹੈ। ਇਸ ਤੋਂ ਇਲਾਵਾ 'ਮਾਈਨਿੰਗ ਰੱਫੜ' ਵਿੱਚ ਹੋਈ ਹੱਥੋਪਾਈ ਕਾਰਨ ਵੀ ਸੰਦੋਆ ਚਰਚਾ ਵਿੱਚ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















