ਈਟਾਨਗਰ: ਭਾਰਤ ਤੇ ਚੀਨ ਵਿਚਾਲੇ ਠੰਢੀ ਜੰਗ ਬਰਕਰਾਰ ਹੈ। ਬੇਸ਼ੱਕ ਦੋਵੇਂ ਦੇਸ਼ ਇਸ ਵਾਲੇ ਸ਼ਾਂਤ ਹਨ ਪਰ ਸਰਹੱਦ 'ਤੇ ਤਿਆਰੀਆਂ ਜਾਰੀ ਹਨ। ਇਸੇ ਲੜੀ ਤਹਿਤ ਭਾਰਤੀ ਹਵਾਈ ਸੈਨਾ ਨੇ ਮੰਗਲਵਾਰ ਨੂੰ ਆਪਣੇ ਸਭ ਤੋਂ ਵੱਡੇ ਮਿਲਟਰੀ ਟਰਾਂਸਪੋਰਟ ਏਅਰਕਰਾਫਟ, ਸੀ-17 ਗਲੋਬਮਾਸਟਰ ਦੀ ਅਰੁਨਾਚਲ ਪ੍ਰਦੇਸ਼ ਦੇ ਤੂਤਿੰਗ ਏਅਰ-ਸਟ੍ਰੀਪ 'ਤੇ ਲੈਂਡਿੰਗ ਕਰਵਾਈ।


ਇਹ ਐਡਵਾਂਸ ਲੈਂਡਿੰਗ ਗ੍ਰਾਊਂਡ ਯਾਨੀ ਏਐਲਜੀ ਚੀਨ ਸਰਹੱਦ ਦੇ ਬੇਹੱਦ ਨੇੜੇ ਹੈ। ਇੱਥੇ ਹੀ ਕੁਝ ਮਹੀਨੇ ਪਹਿਲਾਂ ਚੀਨੀ ਸੈਨਿਕਾਂ ਨੇ ਭਾਰਤੀ ਸਰਹੱਦ ਵਿੱਚ ਵੜ ਕੇ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਮਗਰੋਂ ਦੋਵਾਂ ਦੇਸਾਂ ਵਿਚਾਲੇ ਕਾਫੀ ਤਣਾਅ ਵੀ ਵਧ ਗਿਆ ਸੀ।

ਭਾਰਤੀ ਹਵਾਈ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਤੂਤਿੰਗ ਵਿੱਚ ਲੈਂਡਿੰਗ ਬੜੀ ਮੁਸ਼ਕਲ ਸੀ ਕਿਉਂਕਿ ਇੱਥੇ ਉੱਚੀਆਂ ਪਹਾੜੀਆਂ ਤੇ ਡੂੰਘੀਆਂ ਖਾਈਆਂ ਹਨ। ਇਸ ਦੇ ਬਾਵਜੂਦ ਭਾਰਤੀ ਹਵਾਈ ਸੈਨਾ ਨੇ ਇਤਿਹਾਸ ਰਚਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੀ-17 ਗਲੋਬਮਾਸਟਰ ਏਅਰਕਰਾਫਟ ਵਿੱਚ ਕੁੱਲ 18 ਟਨ ਭਾਰ ਵੀ ਸੀ।

ਇਸ ਤੋਂ ਪਹਿਲਾਂ ਇਹ ਵੀ ਖਬਰਾਂ ਆਈਆਂ ਸਨ ਕਿ ਚੀਨੀ ਸੈਨਿਕ ਇਸ ਇਲਾਕੇ ਨੇੜੇ ਅਜੇ ਵੀ ਡਟੇ ਹੋਏ ਹਨ। ਚੀਨ ਵੱਲੋਂ ਵੀ ਸਰਹੱਦ ਨੇੜੇ ਫੌਜੀ ਕਾਰਵਾਈਆਂ ਵਧਾਉਣ ਦੀਆਂ ਰਿਪੋਰਟਾਂ ਆਈਆਂ ਸਨ।