ਧਰਮ ਨੂੰ ਖਤਰਾ! ਅਮਰੀਕੀ ਸਕੂਲਾਂ ’ਚ ਨਹੀਂ ਹੋਏਗਾ ਯੋਗਾ, 28 ਸਾਲ ਤੋਂ ਲੱਗੀ ਰੋਕ
ਬੁੱਧਵਾਰ ਨੂੰ ਸੈਨੇਟ ਦੀ ਜੁਡੀਸ਼ੀਅਰੀ ਕਮੇਟੀ ਨੇ ਇਹ ਬਿੱਲ ਮੁੜ ਰੋਕ ਦਿੱਤਾ ਕਿ ਪੁਰਾਣੇ ਖ਼ਿਆਲਾਤ ਵਾਲੇ ਕੁਝ ਮਸੀਹੀ ਲੋਕਾਂ ਤੇ ਜੱਥੇਬੰਦੀਆਂ ਨੇ ਇਸ ਵਿਰੁੱਧ ਦੋਬਾਰਾ ਮੁਹਿੰਮ ਛੇੜ ਦਿੱਤੀ ਸੀ।
ਮੌਂਟਗੋਮੇਰੀ (ਅਲਬਾਮਾ, ਅਮਰੀਕਾ): ਅਮਰੀਕੀ ਸੂਬੇ ਅਲਬਾਮਾ ਨੇ ਉਸ ਯੋਗਾ ਬਿਲ ਨੂੰ ਰੋਕ ਦਿੱਤਾ ਹੈ, ਜਿਸ ਰਾਹੀਂ ਕਈ ਦਹਾਕੇ ਪਹਿਲਾਂ ਸਰਕਾਰੀ ਸਕੂਲਾਂ ’ਚ ਯੋਗਾ ਅਭਿਆਸ ਕਰਨ ਉੱਤੇ ਲਾਈ ਰੋਕ ਹਟਾਈ ਜਾਣੀ ਸੀ। ਇੰਝ ਇਸ ਰਾਜ ਦੇ ਸਕੂਲਾਂ ਵਿੱਚ ਯੋਗਾ ਅਭਿਆਸ ਉੱਤੇ ਰੋਕ ਪਹਿਲਾਂ ਵਾਂਗ ਜਾਰੀ ਰਹੇਗੀ। ਦਰਅਸਲ ਪੁਰਾਣੇ ਖ਼ਿਆਲਾਤ ਵਾਲੇ ਕੁਝ ਸਮੂਹਾਂ ਨੇ ਇਸ ਡਰ ਤੋਂ ਸਕੂਲਾਂ ’ਚ ਯੋਗਾ ਅਭਿਆਸ ਉੱਤੇ ਪਾਬੰਦੀ ਲਗਵਾ ਦਿੱਤੀ ਸੀ ਕਿ ਕਿਤੇ ‘ਇਸ ਅਭਿਆਸ ਦੀ ਆੜ ਵਿੱਚ ਬੱਚਿਆਂ ਦਾ ਧਰਮ ਪਰਿਵਰਤਨ ਕਰ ਕੇ ਉਨ੍ਹਾਂ ਨੂੰ ਹਿੰਦੂ ਨਾ ਬਣਾ ਦਿੱਤਾ ਜਾਵੇ।’
ਪੁਰਾਣੇ ਖ਼ਿਆਲਾਂ ਵਾਲੇ ਕੁਝ ਸਮੂਹਾਂ ਦੇ ਦਬਾਅ ਅੱਗੇ ਝੁਕਦਿਆਂ ਅਲਬਾਮਾ ਦੇ ਸਿੱਖਿਆ ਬੋਰਡ ਨੇ 1993 ’ਚ ਯੋਗਾ ’ਤੇ ਪਾਬੰਦੀ ਲਾ ਦਿੱਤੀ ਸੀ। ਪਿਛਲੇ ਵਰ੍ਹੇ ਸੂਬੇ ਦੇ ਡੈਮੋਕ੍ਰੈਟਿਕ ਵਿਧਾਇਕ ਜੈਰੇਮੀ ਗ੍ਰੇਅ ਨੇ ਇੱਕ ਯੋਗਾ ਬਿੱਲ ਪੇਸ਼ ਕੀਤਾ ਸੀ ਤੇ ਇਸ ਸੂਬੇ ਦੀ ਵਿਧਾਨ ਸਭਾ ਨੇ 17 ਦੇ ਮੁਕਾਬਲੇ 84 ਵੋਟਾਂ ਨਾਲ ਉਸ ਨੂੰ ਪਾਸ ਵੀ ਕਰ ਦਿੱਤਾ ਸੀ।
ਫਿਰ ਇਹ ਬਿੱਲ ਪ੍ਰਵਾਨਗੀ ਲਈ ਸੂਬੇ ਦੀ ਸੈਨੇਟ ਕੋਲ ਭੇਜਿਆ ਗਿਆ ਕਿ ਤਾਂ ਜੋ ਸਕੂਲਾਂ ’ਚ ਯੋਗਾ ਦੇ ਅਭਿਆਸ ਉੱਤੇ ਪਿਛਲੇ 28 ਸਾਲਾਂ ਤੋਂ ਲੱਗੀ ਪਾਬੰਦੀ ਹਟਾਈ ਜਾ ਸਕੇ।
ਪਰ ਬੁੱਧਵਾਰ ਨੂੰ ਸੈਨੇਟ ਦੀ ਜੁਡੀਸ਼ੀਅਰੀ ਕਮੇਟੀ ਨੇ ਇਹ ਬਿੱਲ ਮੁੜ ਰੋਕ ਦਿੱਤਾ ਕਿ ਪੁਰਾਣੇ ਖ਼ਿਆਲਾਤ ਵਾਲੇ ਕੁਝ ਮਸੀਹੀ ਲੋਕਾਂ ਤੇ ਜੱਥੇਬੰਦੀਆਂ ਨੇ ਇਸ ਵਿਰੁੱਧ ਦੋਬਾਰਾ ਮੁਹਿੰਮ ਛੇੜ ਦਿੱਤੀ ਸੀ। ਵਿਰੋਧ ਕਰਨ ਵਾਲਿਆਂ ’ਚ ਅਲਬਾਮਾ ਦੇ ਸਾਬਕਾ ਚੀਫ਼ ਜਸਟਿਸ ਰਾਏ ਮੂਰ ਦੀ ‘ਫ਼ਾਊਂਡੇਸ਼ਨ ਫ਼ਾਰ ਮੌਰਲ ਲਾੱਅ’ ਵੀ ਸ਼ਾਮਲ ਸੀ। ਦਲੀਲ ਉਹੀ ਦਿੱਤੀ ਗਈ ਕਿ ਸਕੂਲਾਂ ’ਚ ਯੋਗਾ ਅਭਿਆਸ ਨਾਲ ਬੱਚਿਆਂ ਦੇ ਹਿੰਦੂ ਧਰਮ ’ਚ ਪਰਿਵਰਤਤ ਕਰ ਲਏ ਜਾਣ ਦਾ ਡਰ ਬਣਿਆ ਰਹੇਗਾ।
ਇਸ ਬਿਲ ਦਾ ਵਿਰੋਧ ਕਰਦਿਆਂ ਕਨਜ਼ਰਵੇਟਿਵ ਕਾਰਕੁੰਨ ਬੈੱਕੀ ਗੈਰਿਟਿਸਨ ਨੇ ਕਿਹਾ ਕਿ ਯੋਗਾ ਅਸਲ ਵਿੱਚ ਹਿੰਦੂ ਧਰਮ ਦੇ ਅਭਿਆਸ ਦਾ ਇੱਕ ਬਹੁਤ ਵੱਡਾ ਹਿੱਸਾ ਹੈ। ਹੋਰ ਵੀ ਕਈ ਕ੍ਰਿਸਚੀਅਨ ਸਮੂਹਾਂ ਨੇ ਇਹੋ ਕਿਹਾ ਕਿ ਯੋਗਾ ਅਭਿਆਸ ਲਿਆ ਕੇ ਸਕੂਲਾਂ ਵਿੱਚ ਹਿੰਦੂ ਧਰਮ ਦੀ ਸ਼ੁਰੂਆਤ ਹੋ ਜਾਵੇਗੀ।
ਇਹ ਬਿਲ ਲਿਆਉਣ ਵਾਲੇ ਐਥਲੀਟ ਜੈਰੇਮੇ ਗ੍ਰੇਅ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਯੋਗਾ ਅਭਿਆਸ ਕਰਦੇ ਆ ਰਹੇ ਹਨ ਤੇ ਉਨ੍ਹਾਂ 5 ਸਾਲ ਇਹ ਯੋਗਾ ਵਿਸ਼ਾ ਪੜ੍ਹਾਇਆ ਵੀ ਹੈ। ‘ਪਰ ਫਿਰ ਵੀ ਮੈਂ ਹਰ ਐਤਵਾਰ ਨੂੰ ਬੈਪਟਿਸਟ ਚਰਚ ਜ਼ਰੂਰ ਜਾਂਦਾ ਹਾਂ।’
ਇਹ ਵੀ ਪੜ੍ਹੋ: 10 ਵਰ੍ਹੇ ਪਹਿਲਾਂ ਅੱਜ ਦੇ ਦਿਨ ਧੋਨੀ ਨੇ ਇੰਝ ਜਿੱਤਿਆ ਸੀ ਕ੍ਰਿਕਟ ਦੇ 100 ਕਰੋੜ ਭਾਰਤੀ ਪ੍ਰਸ਼ੰਸਕਾਂ ਦਾ ਦਿਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904