ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਚਬੀ 1 ਤੇ ਐਲ 1 ਵੀਜ਼ਾ ਵਧਾਉਣਾ ਨੂੰ ਹੋਰ ਔਖਾ ਬਣਾ ਦਿੱਤਾ ਹੈ। ਇਹ ਵੀਜ਼ਾ ਸਭ ਤੋਂ ਵੱਧ ਕਿੱਤਕਾਰੀ ਲੋਕ ਲੈਂਦੇ ਹਨ ਤੇ ਭਾਰਤ ਦੇ ਲੋਕ ਵੱਡੇ ਪੱਧਰ 'ਤੇ ਇਸ ਵੀਜ਼ੇ ਤਹਿਤ ਉੱਥੇ ਗਏ ਹੋਏ ਹਨ। ਬਹੁਤ ਸਾਰੇ ਇਸ ਵੀਜ਼ੇ ਨੂੰ ਹੋਰ ਵਧਾਉਣਾ ਚਾਹੁੰਦਾ ਸੀ ਪਰ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਅਮਰੀਕੀ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਪਹਿਲਾਂ ਲਗਾਤਾਰ ਵੀਜ਼ੇ ਦੀ ਸਮਾਂ ਸੀਮਾ ਵਧਦੀ ਰਹਿੰਦੀ ਸੀ। ਬੱਸ ਇੱਕ ਵਾਰ ਇਹ ਦੱਸਣਾ ਪੈਂਦਾ ਸੀ ਕਿ ਵਿਅਕਤੀ ਉਹੀ ਕੰਮ ਕਰ ਰਿਹਾ ਹੈ ਪਰ ਹੁਣ ਨੌਕਰੀ ਦੌਰਾਨ ਵੀ ਉਸ ਨੂੰ ਆਪਣੀ ਯੋਗਤਾ ਦਾ ਸਬੂਤ ਦੇਣਾ ਪਵੇਗਾ। ਇਸ ਨਾਲ ਜੁੜੇ ਇੱਕ ਹੋਰ ਘਟਨਾਕ੍ਰਮ ਕਿਹਾ ਗਿਆ ਹੈ ਹੈ ਕਿ ਸੈਨੇਟ 'ਚ ਐਚ-1 ਬੀ ਤੇ ਐਲ-1 ਵੀਜ਼ਾ ਸੁਧਾਰ ਐਕਟ ਪੇਸ਼ ਹੋਵੇਗਾ, ਜਿਹੜਾ ਅਮਰੀਕੀ ਮੁਲਾਜ਼ਮਾਂ ਤੇ ਵੀਜ਼ਾ ਹੋਲਡਰਾਂ ਨੂੰ ਪਹਿਲਾਂ ਤੋਂ ਜ਼ਿਆਦਾ ਸੁਰੱਖਿਆ ਦੇਵੇਗਾ।
ਮਾਹਿਰਾਂ ਅਨੁਸਾਰ ਭਾਵੇਂ ਕਿਹਾ ਜਾ ਰਿਹਾ ਹੈ ਕਿ ਨਵਾਂ ਵੀਜ਼ਾ ਕਾਨੂੰਨ ਵਿਦੇਸ਼ੀ ਮੁਲਾਜ਼ਮਾਂ ਦੇ ਹਿੱਤ 'ਚ ਹੋਵੇਗਾ, ਪਰ ਅਸਲ 'ਚ ਇਸ ਦੇ ਪਾਸ ਹੋਣ ਮਗਰੋਂ ਐਚ-1 ਬੀ ਵੀਜ਼ਾ ਹਾਸਲ ਕਰਨਾ ਮੁਸ਼ਕਲ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਟਰੰਪ ਨੇ ਅਮਰੀਕੀ ਕੰਪਨੀਆਂ 'ਚ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਦੇ ਮੁੱਦੇ ਨੂੰ ਆਪਣੀ ਚੋਣ ਮੁਹਿੰਮ ਦੌਰਾਨ ਜ਼ੋਰ-ਸ਼ੋਰ ਨਾਲ ਉਠਾਇਆ ਸੀ ਤੇ ਰਾਸ਼ਟਰਪਤੀ ਬਨਣ ਮਗਰੋਂ ਵੀ ਉਹ ਲਗਾਤਾਰ ਕਹਿ ਰਹੇ ਹਨ ਕਿ ਉਹ ਅਮਰੀਕੀਆਂ ਦੀ ਥਾਂ ਵਿਦੇਸ਼ੀਆਂ ਨੂੰ ਨੌਕਰੀ 'ਤੇ ਰੱਖੇ ਜਾਣ ਦੀ ਪ੍ਰਵਾਨਗੀ ਨਹੀਂ ਦੇਣਗੇ।