ਮਿਆਮੀ: ਭਾਰਤ ਵੱਲੋਂ ਪੁਲਾੜ ਵਿੱਚ ਐਂਟੀ-ਸੈਟੇਲਾਈਟ ਪ੍ਰੀਖਣ ਸਬੰਧੀ ਅਮਰੀਕਾ ਨੇ ਕਿਹਾ ਕਿ ਭਾਰਤ ਪੁਲਾੜ ਵਿੱਚ ਟੈਸਟ ਕਰ ਰਿਹਾ ਹੈ ਪਰ ਇਸ ਦੇ ਨਾਲ ਹੀ ਪੁਲਾੜ ਵਿੱਚ ਵਧ ਰਿਹਾ ਮਲਬਾ (Space debris) ਵੀ ਚਿੰਤਾ ਦਾ ਵਿਸ਼ਾ ਹੈ। ਬੁੱਧਵਾਰ ਨੂੰ ਪੀਐਮ ਨਰੇਂਦਰ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਨੇ ਪੁਲਾੜ ਵਿੱਚ ਸੈਟੇਲਾਈਟ ਡੇਗਣ ਦੀ ਸਮਰਥਾ ਹਾਸਲ ਕਰ ਲਈ ਹੈ।


ਦੱਸ ਦੇਈਏ ਕਿ ਅਜਿਹਾ ਕਰਨ ਵਾਲਾ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ। ਭਾਰਤ ਨੇ ਬੁੱਧਵਾਰ ਨੂੰ ਧਰਤੀ ਤੋਂ 300 ਕਿਮੀ ਦੂਰ ਲੋ ਅਰਥ ਆਰਬਿਟ (ਐਲਆਓ) ਵਿੱਚ ਉਪਗ੍ਰਹਿ ਨੂੰ ਏ-ਸੈਟ ਮਿਜ਼ਾਈਲ ਨਾਲ ਡੇਗ ਦਿੱਤਾ। ਇਹ ਕੰਮ ਮਹਿਜ਼ ਤਿੰਨ ਮਿੰਟਾਂ ਵਿੱਚ ਕੀਤਾ ਗਿਆ। ਇਸ ਦੇ ਨਾਲ ਹੀ ਭਾਰਤ ਨੇ ਆਪਣੇ ਪ੍ਰੀਖਣ ਬਾਅਦ ਪੁਲਾੜ ਵਿੱਚ ਕਿਸੇ ਮਲਬੇ ਦੇ ਰਹਿਣ ਤੋਂ ਇਨਕਾਰ ਕੀਤਾ ਹੈ।



ਅਮਰੀਕੀ ਰੱਖਿਆ ਮੰਤਰੀ ਪੈਟਰਿਕ ਸ਼ੈਨਹਨ ਨੇ ਭਾਰਤ ਵਾਂਗ ਐਂਟੀ-ਸੈਟੇਲਾਈਟ ਪ੍ਰੀਖਣ ਕਰਨ ਵਾਲੇ ਦੁਨੀਆ ਦੇ ਅਜਿਹੇ ਕਿਸੇ ਵੀ ਦੇਸ਼ ਨੂੰ ਚੇਤਾਵਨੀ ਸਖ਼ਤ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਪੁਲਾੜ ਵਿੱਚ ਮਲਬਾ ਛੱਡ ਕੇ ਨਹੀਂ ਆ ਸਕਦੇ। ਸਾਨੂੰ ਪੁਲਾੜ ਵਿੱਚ ਮਲਬਾ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਪੁਲਾੜ ਉਹ ਥਾਂ ਹੈ, ਜਿੱਥੇ ਅਸੀਂ ਕਾਰੋਬਾਰ ਕਰ ਸਕਦੇ ਹਾਂ।

ਪੈਟਰਿਕ ਨੇ ਕਿਹਾ ਕਿ ਪੁਲਾੜ ਨੂੰ ਅਸਥਿਰ ਨਹੀਂ ਕੀਤਾ ਜਾ ਸਕਦਾ। ਉੱਥੇ ਮਲਬੇ ਦੀ ਸਮੱਸਿਆ ਖੜੀ ਨਹੀਂ ਕੀਤੀ ਜਾ ਸਕਦੀ, ਜਿਵੇਂ ਕਿ ਏ-ਸੈਟ ਪਰੀਖਣਾਂ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸਦੇ ਦੂਰਗਾਮੀ ਪ੍ਰਭਾਵਾਂ ਬਾਰੇ ਵਿਚਾਰ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਪੈਟਰਿਕ ਨੇ ਭਾਰਤ ਦੇ ਐਂਟੀ-ਸੈਟੇਲਾਈਟ ਪਰੀਖਣ ਨਾਲ ਪੁਲਾੜ ਵਿੱਚ ਮਲਬਾ ਵਧਣ ਦੀ ਕਿਤੇ ਗੱਲ ਨਹੀਂ ਕਹੀ। ਉਨ੍ਹਾਂ ਅਸਿੱਧੇ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਤੇ ਨਵੇਂ ਨਿਯਮ ਬਣਾਉਣ ਬਾਰੇ ਕਿਹਾ।