ਪੈਰਿਸ: ਫਰਾਂਸ ਦੇ ਸਟ੍ਰਾਸਬਰਗ ਸ਼ਹਿਰ ਵਿੱਚ ਮੰਗਲਵਾਰ ਦੇਰ ਰਾਤ ਬੰਦੂਕਧਾਰੀ ਨੇ ਭੀੜ-ਭਰੇ ਬਾਜ਼ਾਰ ਵਿੱਚ ਅਚਾਨਕ ਗੋਲੀਬਾਰੀ ਕਰ ਦਿੱਤੀ। ਇਸ ਹਮਲੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਕਈ ਗੰਭੀਰ ਜ਼ਖਮੀ ਹੋਏ ਹਨ। ਪੁਲਿਸ ਮੁਤਾਬਕ ਸ਼ਾਮ ਨੂੰ ਸੈਂਟ੍ਰਲ ਸਕੁਵੇਅਰ ਬਾਜ਼ਾਰ ‘ਚ ਕ੍ਰਿਸਮਸ ਦੀ ਖਰੀਦਦਾਰੀ ਕਰਨ ਲਈ ਵੱਡੀ ਗਿਣਤੀ ‘ਚ ਲੋਕ ਇੱਕਠੇ ਹੋਏ ਸੀ, ਜਦੋਂ ਉਨ੍ਹਾਂ ‘ਤੇ ਹਮਲਾ ਹੋਇਆ। ਹੁਣ ਫਰਾਂਸ ਦੀ ਕਾਉਂਟਰ ਟੈਰੋਰਿਜ਼ਮ ਫੋਰਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।



ਫਰਾਂਸ ਦੇ ਗ੍ਰਹਿ ਮੰਤਰੀ ਕ੍ਰਿਸਟੋਫ ਕੈਸਟੇਨਰ ਮੁਤਾਬਕ, "ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਭੱਜਣ ‘ਚ ਕਾਮਯਾਬ ਹੋ ਗਿਆ। ਉਸ ਨੇ ਪੁਲਿਸ ‘ਤੇ ਵੀ ਦੋ ਵਾਰ ਫਾਈਰਿੰਗ ਕੀਤੀ।" ਇਸ ਹਮਲੇ ‘ਚ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜਿਸ ਤੋਂ ਬਾਅਦ ਬਾਰਡਰ ਇਲਾਕਿਆਂ ‘ਚ ਸੁਰੱਖਿਆ ਬਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।



ਫਿਲਹਾਲ 350 ਸਿਕਊਰਟੀ ਏਜੰਟ ਹਮਲਾਵਰ ਦੀ ਭਾਲ ਕਰ ਰਹੇ ਹਨ। ਪੁਲਿਸ ਨੇ ਹਮਲਾਵਰ ਦੀ ਪਛਾਣ ਵੀ ਜਨਤਕ ਕਰ ਦਿੱਤੀ ਹੈ। ਉਨ੍ਹਾਂ ਮੁਤਾਬਕ ਹਮਲਾਵਰ 29 ਸਾਲ ਦਾ ਹੈ ਤੇ ਉਸ ਦੇ ਅੱਤਵਾਦੀ ਹੋਣ ਦਾ ਸ਼ੱਕ ਹੈ। ਹਮਲਾਵਰ ਪਹਿਲਾਂ ਹੀ ਘਰ ਛੱਡ ਕੇ ਭੱਜ ਚੁੱਕਿਆ ਹੈ ਤੇ ਉਸ ਦੇ ਘਰ ਤੋਂ ਦੋ ਗ੍ਰਨੇਡ ਮਿਲੇ ਹਨ। ਘਟਨਾ ਤੋਂ ਬਾਅਦ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਨਸੀਅਤ ਦਿੱਤੀ ਗਈ ਹੈ। ਜਦਕਿ ਕੁਝ ਰਿਪੋਰਟਾਂ ਮੁਤਾਬਕ ਪੁਲਿਸ ਨੇ ਹਮਲਾਵਰ ਨੂੰ ਉਸੇ ਇਲਾਕੇ ‘ਚ ਟ੍ਰੈਪ ਕੀਤਾ ਹੈ।