ਬੇਰੂਤ: ਸੀਰੀਆ ਦੇ ਹੋਮਸ ਵਿੱਚ ਅੱਤਵਾਦੀਆਂ ਨੇ ਇੱਕ ਹਮਲੇ ਵਿੱਚ ਇਸਲਾਮਿਕ ਸਟੇਟ ਸਰਗਨਾ ਅਬੂ ਬਕਰ ਅਲ ਬਗਦਾਦੀ ਦਾ ਮੁੰਡਾ ਹੁਦਾਇਫਾਹ ਅਲ ਬਦਰੀ ਮਾਰ ਦਿੱਤਾ। ਆਈਐਸ ਦੀ ਪ੍ਰੌਪੇਗੰਡਾ ਏਜੰਸੀ ਅਮਾਕ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਹੋਮਸ ’ਚ ਥਰਮਲ ਪਾਵਰ ਸਟੇਸ਼ਨ ’ਤੇ ਨੁਸਾਇਰਿਆਹ ਤੇ ਰੂਸ ਖ਼ਿਲਾਫ਼ ਅਭਿਆਨ ਵਿੱਚ ਅਲ ਬਦਰੀ ਦੀ ਮੌਤ ਹੋ ਗਈ। ਅਮਾਕ ਨੇ ਇਸ ਬਿਆਨ ਨਾਲ ਇੱਕ ਨੌਜਵਾਨ ਦੀ ਤਸਵੀਰ ਵੀ ਜਾਰੀ ਕੀਤੀ ਜਿਸ ਨੇ ਹੱਥ ਵਿੱਚ ਰਾਈਫਲ ਫੜ੍ਹੀ ਹੋਈ ਹੈ।

ਆਈਐਸ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਅਲਾਵੈਤ ਧਾਰਮਿਕ ਘੱਟ ਗਿਣਤੀ ਪੰਥ ਲਈ ਨੁਸਾਇਰਿਆਹ ਸ਼ਬਦ ਦਾ ਇਸਤੇਮਾਲ ਕਰਦਾ ਹੈ। ਆਈਐਸ ਨੇ 2014 ਵਿੱਚ ਇਰਾਕ ਦੇ ਵੱਡੇ ਹਿੱਸੇ ’ਤੇ ਕਬਜ਼ੇ ਬਾਅਦ ਸੀਰੀਆ ਤੇ ਇਰਾਕ ਵਿੱਚ ਖ਼ੁਦ ਨੂੰ ਖਲੀਫਾ ਐਲਾਨਿਆ ਸੀ। ਹਾਲਾਂਕਿ ਉਦੋਂ ਤੋਂ ਲੈ ਕੇ ਹੁਣ ਤਕ ਸੀਰੀਆ ਤੇ ਇਰਾਕੀ ਬਲਾਂ ਦੇ ਅੱਤਵਾਦ ਵਿਰੋਧੀ ਅਭਿਆਨ ਤਹਿਤ ਕਈ ਅੱਤਵਾਦੀਆਂ ਦਾ ਸਫਾਇਆ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ।

ਪਿਛਲੇ ਸਾਲ ਇਰਾਕੀ ਸਰਕਾਰ ਨੇ ਆਈਐਸ ’ਤੇ ਜਿੱਤ ਦਾ ਐਲਾਨ ਕੀਤਾ ਸੀ ਪਰ ਫੌਜ ਅਜੇ ਵੀ ਸੀਰੀਆਈ ਹੱਦ ’ਤੇ ਜ਼ਿਆਦਾਤਰ ਮਾਰੂਥਲੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਇਸਲਾਮਿਕ ਸਟੇਟ ਖ਼ਿਲਾਫ਼ ਅਭਿਆਨ ਚਲਾ ਰਹੀ ਹੈ। ਇਰਾਕ ਦੇ ਖ਼ੁਫੀਆ ਅਧਿਕਾਰੀ ਨੇ ਦੱਸਿਆ ਕਿ ਕਈ ਮੌਕਿਆਂ ’ਤੇ ਮ੍ਰਿਤਕ ਐਲਾਨਿਆ ਗਿਆ ਬਗਦਾਦੀ ਹਾਲੇ ਵੀ ਜਿਊਂਦਾ ਹੈ ਤੇ ਸੀਰੀਆ ਵਿੱਚ ਹੈ। ਬਗਦਾਦੀ ਨੂੰ ਧਰਤੀ ’ਤੇ ਸਭ ਤੋਂ ਵਾਂਟਿਡ ਵਿਅਕਤੀ ਐਲਾਨਿਆ ਗਿਆ ਹੈ। ਅਮਰੀਕਾ ਨੇ ਉਸ ਨੂੰ ਫੜਨ ’ਤੇ 2 ਕਰੋੜ 50 ਲੱਖ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।