ਮੇਲਬਰਨ: ਬੌਲ ਟੈਂਪਿੰਗ ‘ਚ ਕ੍ਰਿਕਟ ਆਸਟ੍ਰੇਲੀਆ ਵੱਲੋਂ 9 ਮਹੀਨੇ ਦਾ ਬੈਨ ਝੱਲ ਰਹੇ ਕੈਮਰੂਨ ਬੈਨਕ੍ਰਾਫਟ ਨੇ ਵਿਵਾਦ ਨਾਲ ਜੁੜਿਆ ਵੱਡਾ ਖ਼ੁਲਾਸਾ ਕੀਤਾ ਹੈ। ਬੈਨਕ੍ਰਾਫਟ ਨੇ ਬੁੱਧਵਾਰ ਨੂੰ ਇੰਟਰਵਿਊ ‘ਚ ਕਿਹਾ ਕਿ ਉਸ ਨੂੰ ਗੇਂਦ ਨਾਲ ਛੇੜਛਾੜ ਕਰਨ ਲਈ ਟੀਮ ਦੇ ਉਪ ਕਪਤਾਨ ਡੇਵਿਡ ਵਾਰਨਰ ਨੇ ਉਕਸਾਇਆ ਸੀ।



ਬੈਨਕ੍ਰਾਫਟ ਮੁਤਾਬਕ, "ਉਨ੍ਹਾਂ ਨੇ ਵਾਰਨਰ ਦੀ ਗੱਲ ਸਿਰਫ ਇਸ ਲਈ ਮੰਨੀ ਕਿਉਂਕਿ ਉਹ ਟੀਮ ਨਾਲ ਚੰਗੀ ਤਰ੍ਹਾਂ ਜੁੜਣਾ ਚਾਹੁੰਦੇ ਸੀ।" ਇਸ ਸਾਲ ਮਾਰਚ ‘ਚ ਦੱਖਣੀ ਅਫਰੀਕਾ ਖਿਲਾਫ ਕੈਪਟਾਉਨ ਟੈਸਟ ‘ਚ ਬੈਨਕ੍ਰਾਫਟ ਬੌਲ ਨਾਲ ਛੇੜਛਾੜ ਕਰਦੇ ਹੋਏ ਕੈਮਰੇ ‘ਚ ਕੈਪਚਰ ਹੋ ਗਏ ਸੀ। ਇਸ ਦੀ ਜਾਂਚ ‘ਚ ਟੀਮ ਦੇ ਕਪਤਾਨ ਸਟੀਵ ਸਮਿਥ ਤੇ ਉਪ ਕਪਤਾਨ ਡੇਵਿਡ ਵਾਰਨਰ ਨੂੰ ਟੈਂਪਿੰਰਿੰਗ ਦੀ ਸਾਜ਼ਿਸ਼ ਦਾ ਦੋਸ਼ੀ ਪਾਇਆ ਗਿਆ ਸੀ ਤੇ ਦੋਨਾਂ ਉੱਪਰ 1-1 ਸਾਲ ਦਾ ਬੈਨ ਲੱਗਿਆ ਸੀ।



ਹਾਲ ਹੀ ‘ਚ ਇੱਕ ਨਿਊਜ਼ ਚੈਨਲ ‘ਤੇ ਆਨ-ਏਅਰ ਕੀਤੇ ਇੰਟਰਵਿਊ ‘ਚ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਬੈਨਕ੍ਰਾਫਟ ਨੇ ਕਿਹਾ, "ਉਸ ਵੇਲੇ ਮੈਚ ਦੀ ਸਥਿਤੀ ਨੂੰ ਦੇਖਦੇ ਹੋਏ ਡੇਵਿਡ ਨੇ ਮੈਨੂੰ ਗੇਂਦ ਨਾਲ ਛੇੜਛਾੜ ਕਰਨ ਨੂੰ ਕਿਹਾ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ, ਕਿਉਂਕਿ ਮੈਂ ਟੀਮ ਨਾਲ ਜੁੜਣਾ ਚਾਹੁੰਦਾ ਸੀ ਤੇ ਜੋ ਹੋਇਆ ਮੇਰੀ ਮਨਜ਼ੂਰੀ ਤੋਂ ਬਗੈਰ ਹੋਇਆ। ਤੁਹਾਨੂੰ ਪਤਾ ਹੀ ਹੈ ਕਿ ਟੀਮ ਨਾਲ ਜੁੜਣਾ ਤੁਹਾਨੂੰ ਇੱਜ਼ਤ ਦਵਾਉਂਦਾ ਹੈ ਪਰ ਇੱਕ ਗਲਤੀ ਦੀ ਮੈਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ।"

ਹਾਲ ਹੀ ‘ਚ ਸਮਿਥ ਨੇ ਵੀ ਕਿਹਾ ਕਿ ਉਨ੍ਹਾਂ ਕੋਲ ਇਸ ਸਭ ਨੂੰ ਰੋਕਣ ਦਾ ਮੌਕਾ ਸੀ ਪਰ ਉਹ ਸਭ ਤੋਂ ਅਣਜਾਣ ਬਣ ਅੱਗੇ ਵਧਦੇ ਰਹੇ।