ਨਵੀਂ ਦਿੱਲੀ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਭਾਰਤ 'ਚ ਆਪਣੀ ਮੁਸਲਿਮ ਆਬਾਦੀ ਦੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਓਬਾਮਾ ਨੇ ਨਵੀਂ ਦਿੱਲੀ 'ਚ ਹੋਏ ਪ੍ਰੋਗਰਾਮ 'ਚ ਕਿਹਾ ਕਿ ਇਹ ਇੱਕ ਵਿਚਾਰ ਹੈ ਤੇ ਇਸ ਨੂੰ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ।
ਸਾਬਕਾ ਰਾਸ਼ਟਰਪਤੀ ਨੇ ਲੋਕਾਂ ਨਾਲ ਮੁਖਾਤਬ ਹੁੰਦਿਆਂ ਕਈ ਮੁੱਦਿਆਂ 'ਤੇ ਆਪਣੀ ਗੱਲ ਰੱਖੀ। ਇਸ ਦੌਰਾਨ ਨਰੇਂਦਰ ਮੋਦੀ ਤੇ ਮਨਮੋਹਨ ਸਿੰਘ ਨਾਲ ਆਪਣੇ ਸਬੰਧਾਂ ਬਾਰੇ, ਅੱਤਵਾਦ, ਪਾਕਿਸਤਾਨ, ਓਸਾਮਾ ਦੀ ਤਲਾਸ਼ ਤੇ ਭਾਰਤ ਦੀ ਦਾਲ ਤੇ ਕੀਮੇ ਬਾਰੇ ਵੀ ਗੱਲ ਕੀਤੀ।
ਓਬਾਮਾ ਅਮਰੀਕਾ ਦੇ ਪਹਿਲੇ ਅਸ਼ਵੇਤ ਰਾਸ਼ਟਰਪਤੀ ਹਨ। ਓਬਾਮਾ ਨੇ ਕਿਹਾ ਕਿ ਉਨ੍ਹਾਂ ਸਾਲ 2015 'ਚ ਬਤੌਰ ਰਾਸ਼ਟਰਪਤੀ ਭਾਰਤ ਦੀ ਆਪਣੀ ਆਖਰੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਬੰਦ ਕਮਰੇ 'ਚ ਹੋਈ ਗੱਲਬਾਤ ਦੌਰਾਨ ਧਾਰਮਿਕ ਟੌਲਰੈਂਸ ਦੀ ਜ਼ਰੂਰਤ ਤੇ ਕਿਸੇ ਵੀ ਪੰਥ ਨੂੰ ਨਾ ਮੰਨਣ ਦੇ ਅਧਿਕਾਰ 'ਤੇ ਜ਼ੋਰ ਦਿੱਤਾ ਸੀ।
ਭਾਰਤ ਨਾਲ ਜੁੜੇ ਇੱਕ ਸਵਾਲ 'ਚ ਓਬਾਮਾ ਨੇ ਮੁਲਕ ਦੀ ਵੱਡੀ ਮੁਸਲਿਮ ਅਬਾਦੀ ਦਾ ਜ਼ਿਕਰ ਕੀਤਾ ਹੈ, ਜਿਹੜੀ ਖੁਦ ਨੂੰ ਦੇਸ਼ ਦੇ ਨਾਲ ਜੁੜਿਆ ਹੋਇਆ ਤੇ ਭਾਰਤੀ ਮੰਨਦੀ ਹੈ। ਓਬਾਮਾ ਨੇ ਕਿਹਾ ਕਿ ਕਈ ਮੁਲਕਾਂ 'ਚ ਅਜਿਹਾ ਨਹੀਂ ਹੈ।