ਲੰਡਨ: ਬ੍ਰਿਟਿਸ਼ ਬ੍ਰਾਡਕਾਸਟਿੰਗ ਕੰਪਨੀ ਯਾਨੀ BBC ਨੇ 11 ਨਵੀਆਂ ਭਾਸ਼ਾਵਾਂ 'ਚ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ BBC ਦੀਆਂ ਸੇਵਾਵਾਂ 'ਚ 1947 ਤੋਂ ਬਾਅਦ ਕੀਤਾ ਗਿਆ ਸਭ ਤੋਂ ਵੱਡਾ ਵਿਸਥਾਰ ਹੋਵੇਗਾ। ਦਰਅਸਲ ਬ੍ਰਿਟਿਸ਼ ਸਰਕਾਰ ਨੇ ਪਿਛਲੇ ਸਾਲ BBC ਨੂੰ ਵੱਡੇ ਪੱਧਰ 'ਤੇ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। BBC ਦਾ ਇਹ ਐਲਾਨ ਉਸੇ ਦਾ ਹੀ ਨਤੀਜਾ ਹੈ।


ਨਵੇਂ ਪ੍ਰੋਗਰਾਮ ਅਫਾਨ ਔਰਮੋ, ਅਹਰਿਕ, ਲਗਬੋ, ਕੋਰੀਅਨ, ਪਿਡਗਿਨ, ਟਿਗਿੰਨਿਆ, ਯੋਰਬਾ, ਪੰਜਾਬੀ, ਗੁਜਰਾਤੀ, ਮਰਾਠੀ ਤੇ ਤੇਲਗੂ ਭਾਸ਼ਾਵਾਂ 'ਚ ਸ਼ੁਰੂ ਕੀਤੇ ਜਾਣਗੇ। ਇਸ ਨਵੇਂ ਐਲਾਨ 'ਤੇ 2017 'ਚ ਕੰਮ ਸ਼ੁਰੂ ਹੋ ਜਾਵੇਗਾ। ਬੀਬੀਸੀ ਅਧਿਕਾਰੀਆਂ ਮੁਤਾਬਕ ਕੁਝ ਸਾਲ ਬਾਅਦ BBC ਨੂੰ 100 ਸਾਲ ਪੂਰੇ ਹੋ ਜਾਣਗੇ, ਅਜਿਹੇ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੋਵੇਗਾ।

BBC WORLD SERVICE ਦੇ ਨਿਰਦੇਸ਼ਕ ਫ੍ਰੈਨ ਅਨਸਵਰਥ ਨੇ ਦਾਅਵਾ ਕੀਤਾ ਕਿ ਦੁਨੀਆ ਭਰ ਦੇ ਲੋਕ ਸੁਤੰਤਰ, ਨਿਰਪੱਖ ਤੇ ਵਿਸ਼ਵਾਸਯੋਗ ਖਬਰਾਂ ਲਈ BBC 'ਤੇ ਭਰੋਸਾ ਕਰਦੇ ਹਨ। 2017 'ਚ ਨਵੀਆਂ ਸੇਵਾਵਾਂ ਸ਼ੁਰੂ ਹੋਣ ਤੋਂ ਬਾਅਦ BBC ਦੀਆਂ ਸੇਵਾਵਾਂ ਅੰਗਰੇਜ਼ੀ ਸਮੇਤ ਕੁੱਲ 40 ਭਾਸ਼ਾਵਾਂ 'ਚ ਉਪਲੱਬਧ ਹੋਣਗੀਆਂ। BBC ਨੇ 2022 ਤੱਕ ਦੁਨੀਆ ਭਰ 'ਚ 50 ਕਰੋੜ ਲੋਕਾਂ ਤੱਕ ਪਹੁੰਚ ਬਣਾਉਣ ਦਾ ਟੀਚਾ ਮਿਥਿਆ ਹੈ।