ਤੁਰਕੀ ਦੀ ਕੋਲਾ ਖਾਨ 'ਚ ਵੱਡਾ ਧਮਾਕਾ, 22 ਦੀ ਮੌਤ, ਕਈ ਜ਼ਖ਼ਮੀ
ਸ਼ੁੱਕਰਵਾਰ ਨੂੰ ਤੁਰਕੀ ਦੀ ਕੋਲੇ ਦੀ ਖਾਨ ਵਿੱਚ ਧਮਾਕਾ ਹੋਇਆ। ਇਸ ਧਮਾਕੇ 'ਚ ਕਰੀਬ 22 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹੈ। ਅੱਜ ਰਾਸ਼ਟਰਪਤੀ ਹਾਦਸੇ ਵਾਲੀ ਥਾਂ ਦਾ ਦੌਰਾ ਕਰਨਗੇ।
Turkey Mine Blast: ਉੱਤਰੀ ਤੁਰਕੀ ਵਿੱਚ ਇੱਕ ਕੋਲਾ ਖਾਨ ਵਿੱਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ 'ਚ 22 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਨਾਲ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਤੁਰਕੀ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਉੱਤਰੀ ਤੁਰਕੀ 'ਚ ਕੋਲੇ ਦੀ ਖਾਨ 'ਚ ਹੋਏ ਧਮਾਕੇ 'ਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬਚਾਅ ਟੀਮਾਂ ਖਾਨ ਅੰਦਰ ਫਸੇ ਦਰਜਨਾਂ ਹੋਰ ਲੋਕਾਂ ਨੂੰ ਸਤ੍ਹਾ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਧਮਾਕਾ ਕਿੱਥੇ ਹੋਇਆ?
ਇਹ ਧਮਾਕਾ ਸ਼ੁੱਕਰਵਾਰ ਨੂੰ ਕਾਲੇ ਸਾਗਰ ਤੱਟੀ ਸੂਬੇ ਬਾਰਟਿਨ ਦੇ ਅਮਾਸਾਰਾ ਸ਼ਹਿਰ ਵਿੱਚ ਸਰਕਾਰੀ-ਸੰਚਾਲਿਤ ਟੀਟੀਕੇ ਅਮਾਸਾਰਾ ਮੁਸੇਸ ਮੁਦੁਰਲੁਗੂ ਖਾਨ ਵਿੱਚ ਹੋਇਆ। ਊਰਜਾ ਮੰਤਰੀ ਫਤਿਹ ਡੋਨਮੇਜ਼ ਨੇ ਕਿਹਾ ਕਿ ਸ਼ੁਰੂਆਤੀ ਮੁਲਾਂਕਣਾਂ ਤੋਂ ਪਤਾ ਚੱਲਦਾ ਹੈ ਕਿ ਧਮਾਕਾ ਸ਼ਾਇਦ ਫਾਇਰ ਐਂਪ ਨਾਲ ਹੋਇਆ ਸੀ।
ਧਮਾਕੇ ਸਮੇਂ ਖਾਨ 'ਚ 110 ਲੋਕ ਮੌਜੂਦ
ਗ੍ਰਹਿ ਮੰਤਰੀ ਸੁਲੇਮਾਨ ਸੋਇਲੂ, ਜੋ ਬਚਾਅ ਮੁਹਿੰਮ ਦਾ ਤਾਲਮੇਲ ਕਰਨ ਲਈ ਅਮਾਸਾਰਾ ਗਏ ਸਨ, ਉਨ੍ਹਾਂ ਕਿਹਾ ਕਿ ਧਮਾਕੇ ਦੇ ਸਮੇਂ ਖਾਨ ਵਿੱਚ 110 ਲੋਕ ਮੌਜੂਦ ਸਨ। ਮੰਤਰੀ ਨੇ ਕਿਹਾ ਕਿ ਧਮਾਕੇ ਤੋਂ ਬਾਅਦ ਜ਼ਿਆਦਾਤਰ ਕਰਮਚਾਰੀ ਭੱਜਣ 'ਚ ਕਾਮਯਾਬ ਰਹੇ ਪਰ 49 ਲੋਕ ਉੱਚ ਖਤਰੇ ਵਾਲੇ ਖੇਤਰ 'ਚ ਫਸ ਗਏ। ਸੁਲੇਮਾਨ ਸੋਇਲੂ ਨੇ ਅਜੇ ਤੱਕ ਅੰਦਰ ਫਸੇ ਲੋਕਾਂ ਦੀ ਗਿਣਤੀ ਨਹੀਂ ਦੱਸੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ 49 ਵਿੱਚੋਂ ਕੁਝ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਅੱਜ ਰਾਸ਼ਟਰਪਤੀ ਹਾਦਸੇ ਵਾਲੀ ਥਾਂ ਦਾ ਕਰਨਗੇ ਦੌਰਾ
ਸਿਹਤ ਮੰਤਰੀ ਫਹਰਤਿਨ ਕੋਕਾ ਨੇ ਟਵਿੱਟਰ 'ਤੇ ਕਿਹਾ ਕਿ ਧਮਾਕੇ 'ਚ 22 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਹ ਨਹੀਂ ਦੱਸਿਆ ਕਿ ਸੁਰੰਗ ਨਾਲ ਕਿੰਨੇ ਲੋਕ ਜ਼ਖਮੀ ਹੋਏ ਹਨ, ਪਰ ਕਿਹਾ ਕਿ ਅੱਠ ਦੀ ਹਾਲਤ ਗੰਭੀਰ ਹੈ। ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ AFAD ਨੇ ਕਿਹਾ ਕਿ ਗੁਆਂਢੀ ਸੂਬਿਆਂ ਸਮੇਤ ਕਈ ਬਚਾਅ ਟੀਮਾਂ ਨੂੰ ਖੇਤਰ 'ਚ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਸ਼ਨੀਵਾਰ ਨੂੰ ਹਾਦਸੇ ਵਾਲੀ ਥਾਂ 'ਤੇ ਪਹੁੰਚਣਗੇ।