ਬਲੋਚਿਸਤਾਨ: ਪਾਕਿਸਤਾਨ 'ਚ ਕੱਲ੍ਹ ਦੋ ਵੱਖ-ਵੱਖ ਚੋਣ ਰੈਲੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਜ਼ਬਰਦਸਤ ਧਮਾਕਿਆਂ 'ਚ 133 ਲੋਕ ਮਾਰੇ ਗਏ ਜਦਕਿ ਸੈਂਕੜੇ ਜ਼ਖਮੀ ਹੋਣ ਦੀ ਖ਼ਬਰ ਹੈ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਬਲੋਚਿਸਤਾਨ ਸੂਬੇ ਦੇ ਮਸਤੁੰਗ ਇਕਾਲੇ 'ਚ ਸ਼ੁੱਕਰਵਾਰ ਦੁਪਹਿਰ ਬਾਅਦ ਹੋਏ ਬੰਬ ਧਮਾਕੇ ਦੇ ਮ੍ਰਿਤਕਾਂ 'ਚ ਬਲੋਚਿਸਤਾਨ ਅਵਾਮੀ ਪਾਰਟੀ (ਬੀਏਪੀ) ਦੇ ਉਮੀਦਵਾਰ ਨਵਾਬਜ਼ਾਦਾ ਸਿਰਾਜ ਰਾਏਸਨੀ ਵੀ ਸ਼ਾਮਿਲ ਹਨ। ਉਹ ਮਸਤੁੰਗ ਤੋਂ ਚੋਣ ਲੜ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਸਿਰਾਜ ਨੂੰ ਨਿਸ਼ਾਨਾ ਬਣਾ ਕੇ ਹੀ ਕੀਤਾ ਗਿਆ ਸੀ।
ਬਲੋਚਿਸਤਾਨ ਦੇ ਕਾਰਜਕਾਰੀ ਸਿਹਤ ਮੰਤਰੀ ਫੈਜ਼ ਕੱਕਰ ਤੇ ਮਸਤੁੰਗ ਦੇ ਡਿਪਟੀ ਕਮਿਸ਼ਨਰ ਹਬੀਬ ਬਲੋਚ ਨੇ ਦੱਸਿਆ ਕਿ ਧਮਾਕੇ 'ਚ 16-20 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ। ਬੰਬ ਨਿਰੋਧਕ ਦਸਤੇ ਮੁਤਾਬਕ ਇਹ ਇੱਕ ਆਤਮਘਾਤੀ ਹਮਲਾ ਸੀ।
ਇਸ ਘਟਨਾ ਤੋਂ ਬਾਅਦ ਕੁਏਟਾ ਦੇ ਹਸਪਤਾਲਾਂ 'ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਆਪਣੀ ਨਿਊਜ਼ ਏਜੰਸੀ ਅਮਾਕ ਜ਼ਰੀਏ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਇਸ ਘਟਨਾ ਤੋਂ ਕੁੱਝ ਘੰਟੇ ਪਹਿਲਾਂ ਪਾਕਿਸਤਾਨ ਦੇ ਪਖਤੂਨਤਵਾ 'ਚ ਇਸਲਾਮਿਕ ਪਾਰਟੀ ਦੇ ਨੇਤਾ ਦੇ ਕਾਫਲੇ 'ਤੇ ਹੋਏ ਧਮਾਕੇ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਜਦਕਿ 30 ਤੋਂ ਵੱਧ ਜ਼ਖਮੀ ਹਨ। ਇਸ ਹਮਲੇ 'ਚ ਪਖਤੂਨਤਵਾ ਦੇ ਸਾਬਕਾ ਮੁੱਖ ਮੰਤਰੀ ਤੇ ਜੇਯੂਆਈਐਫ ਦੇ ਕੇਂਦਰੀ ਨੇਤਾ ਅਕਬਰ ਖਾਨ ਦੁਰਾਨੀ ਨੂੰ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਅਕਰਮ ਖਾਨ ਇਸ ਹਮਲੇ 'ਚ ਮਾਮੂਲੀ ਜ਼ਖਮੀ ਹੋਏ ਹਨ। ਅਕਬਰ ਖਾਨ ਦੁਰਾਨੀ ਐਮਐਮਏ ਦੇ ਉਮੀਦਵਾਰ ਹਨ ਤੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਵਿਰੁੱਧ ਚੋਣ ਲੜ੍ਹਨਗੇ। ਪਾਕਿਸਤਾਨ ਪੁਲਿਸ ਮੁਤਾਬਕ ਇਹ ਧਮਾਕਾ ਚੋਣ ਬੈਠਕ ਤੋਂ ਕਰੀਬ 40 ਮੀਟਰ ਦੂਰੀ 'ਤੇ ਹੋਇਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ 'ਚ ਆਮ ਚੋਣਾਂ ਤੋਂ ਪਹਿਲਾਂ ਧਮਾਕੇ ਹੋ ਚੁੱਕੇ ਹਨ। ਬੀਤੀ 10 ਜੁਲਾਈ ਨੂੰ ਪਿਸ਼ਾਵਰ 'ਚ ਤਾਲਿਬਾਨੀ ਹਮਲੇ 'ਚ 20 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਪਖਤੂਨਤਵਾ 'ਚ ਹੋਏ ਇੱਕ ਧਮਾਕੇ ਚ 7 ਵਿਅਕਤੀ ਜ਼ਖਮੀ ਹੋਏ ਸਨ।
ਪਾਕਿਸਤਾਨ ਚ ਆਮ ਚੋਣਾਂ 25 ਜੁਲਾਈ ਨੂੰ ਹੋ ਰਹੀਆਂ ਹਨ।